ਲੰਡਨ: ਬ੍ਰਿਟੇਨ ਦੇ ਇੱਕ ਡਿਪਲੋਮੈਟ ਨੇ ਸ੍ਰੀ ਹਰਿੰਮਦਰ ਸਾਹਿਬ ਨੂੰ ਮਸਜਿਦ ਕਹਿ ਦਿੱਤਾ ਜਿਸ ਮਗਰੋਂ ਉਸ ਦੀ ਸਖ਼ਤ ਅਲੋਚਨਾ ਹੋਈ। ਸਿੱਖ ਭਾਈਚਾਰੇ ਦੇ ਰੋਹ ਮਗਰੋਂ ਉਸ ਨੇ ਆਪਣੀ ਗਲਤੀ ਕਬੂਲ ਕਰ ਲਈ ਹੈ।
ਵਿਦੇਸ਼ ਤੇ ਰਾਸ਼ਟਰਮੰਡਲ ਦਫਤਰ ਦੇ ਅੰਡਰ ਸੈਕਟਰੀ ਸਿਮੋਨ ਮੈਕਡੋਨਲਡ ਨੇ ਅੰਮ੍ਰਿਤਸਰ ਵਿੱਚ ਸਥਿਤ ਹਰਿਮੰਦਰ ਸਾਹਿਬ ਨੂੰ ਟਵੀਟ ਵਿੱਚ ‘ਗੋਲਡਨ ਮਸਜਿਦ ਕਹਿਣ ਦੀ ਗੁਸਤਾਖ਼ੀ ਕਰ ਲਈ ਸੀ। ਉਸ ਨੇ ਬਰਤਾਨੀਆ ਦੀ ਰਾਣੀ ਦੀ 1997 ਵਿੱਚ ਅੰਮ੍ਰਿਤਸਰ ਵਿੱਚ ਮੱਥਾ ਟੇਕਣ ਆਈ ਦੀ ਫੋਟੋ ਨੂੰ ਇੱਕ ਮੋਮੈਂਟੋ ਉੱਤੇ ਪ੍ਰਕਸ਼ਿਤ ਕਰਵਾਇਆ ਸੀ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲਡਨ ਮਸਜਿਦ ਲਿਖ ਦਿੱਤਾ ਸੀ।
ਮੈਕਡੋਨਲਡ ਨੇ ਮੰਨਿਆ ਕਿ ਉਹ ਉਸ ਦੀ ਗਲਤੀ ਸੀ। ਗਲਤੀ ਦਾ ਅਹਿਸਾਸ ਹੋਣ ਉੱਤੇ ਉਸ ਨੇ ਮੁਆਫ਼ੀ ਮੰਗ ਲਈ ਹੈ। ਇਸ ਉੱਤੇ ਰੋਸ ਪ੍ਰਗਟਾਉਂਦਿਆਂ ਸਿੱਖ ਫੈਡਰੇਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਕਿਹਾ ਹੈ ਕਿ ਕਿਸੇ ਨੌਕਰਸ਼ਾਹ ਦੇ ਰੁਤਬੇ ਅਨੁਸਾਰ ਇਹ ਅਤਿ ਗੰਭੀਰ ਗਲਤੀ ਹੈ। ਇਸ ਮੁਆਫ਼ੀ ਨੂੰ ਸਵੀਕਾਰ ਨਹੀ ਕੀਤਾ ਜਾ ਸਕਦਾ।