ਵਾਸ਼ਿੰਗਟਨ: ਅਮਰੀਕਾ ਵਿੱਚ ਵਾਸ਼ਿੰਗਟਨ ਦੀ ਇੱਕ ਅਦਾਲਤ ਦਾ ਜੱਜ ਰਾਤੋ-ਰਾਤ ਹੀਰੋ ਬਣ ਗਿਆ। ਅਦਾਲਤ ਵਿੱਚ ਸੁਣਵਾਈ ਦੌਰਾਨ ਹੀ ਦੇ ਮੁਲਜ਼ਮ ਉੱਥੋਂ ਭੱਜ ਨਿਕਲੇ ਜਿਨ੍ਹਾਂ ਨੂੰ ਫੜਨ ਲਈ ਜੱਜ ਖ਼ੁਦ ਆਪਣੀ ਕੁਰਸੀ ਛੱਡ ਕੇ ਉਨ੍ਹਾਂ ਪਿੱਛੇ ਭੱਜ ਤੁਰੇ।

ਦਰਅਸਲ ਜੱਜ ਆਰ ਡਬਲਿਊ ਬਜਰਡ ਅਦਾਲਤ ਵਿੱਚ ਸੁਣਵਾਈ ਕਰ ਰਹੇ ਸਨ ਕਿ ਸੁਣਵਾਈ ਦੌਰਾਨ ਹੀ ਦੇ ਮੁਲਜ਼ਮ ਟੈਨਰ ਜੈਕਬਸਨ ਤੇ ਕੋਡੇ ਹਾਵਰਡ ਉੱਥੋਂ ਭੱਜਣ ਲੱਗੇ। ਇਸੇ ਦੌਰਾਨ ਜੱਜ ਬਜਰਡ ਖੜੇ ਹੋ ਗਏ ਤੇ ਆਪਣਾ ਗਾਊਨ ਲਾਹ ਕੇ ਮੁਲਜ਼ਮਾਂ ਪਿੱਛੇ ਭੱਜਣ ਲੱਗੇ। ਦੋਵਾਂ ਵਿੱਚੋਂ ਇੱਕ ਨੂੰ ਤਾਂ ਜੱਜ ਨੇ ਅਦਾਲਤ ਦੇ ਗੇਟ ਕੋਲ ਫੜ੍ਹ ਲਿਆ ਤੇ ਦੂਜਾ ਅਦਾਲਤ ਤੋਂ ਕੁਝ ਦੂਰ ਪੁਲਿਸ ਦੇ ਅੜਿੱਕੇ ਆ ਗਿਆ।

ਇਸ ਮਾਲਮੇ ਸਬੰਧੀ ਜ਼ਿਲ੍ਹਾ ਅਧਿਕਾਰੀ ਰੋਬ ਸਨਜਾ ਨੇ ਦੱਸਿਆ ਕਿ ਇਹ ਦੂਜੀ ਵਾਰ ਹੈ ਜਦੋਂ ਕੈਦੀ ਨੇ ਅਦਾਲਤ ਦੀ ਕਸਟਡੀ ਵਿੱਚੋਂ ਭੱਜਣ ਨੇ ਕੋਸ਼ਿਸ਼ ਕੀਤੀ ਹੈ। ਅਦਾਲਤ ਵਿੱਚ ਮੌਜੂਦ ਅਧਿਕਾਰੀ ਮੁਲਜ਼ਮਾਂ ਨੂੰ ਇਸ ਲਈ ਨਹੀਂ ਫੜ੍ਹ ਸਕੇ ਕਿਉਂਕਿ ਉੱਥੇ ਹੋਰ ਮੁਲਜ਼ਮ ਵੀ ਮੌਜੂਦ ਸਨ। ਹੁਣ ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਖਿਲਾਫ ਅਦਾਲਤ ਦੀ ਕਸਟਡੀ ਵਿੱਚੋਂ ਭੱਜਣ ਸਬੰਧੀ ਇੱਕ ਹੋਰ ਮਾਮਲਾ ਦਰਜ ਕਰ ਦਿੱਤਾ ਗਿਆ ਹੈ।