ਇਸਲਾਮਾਬਾਦ: ਜਸਟਿਸ ਤਾਹਿਰਾ ਸਫਦਰ ਨੇ ਪਾਕਿਸਤਾਨ 'ਚ ਹਾਈਕੋਰਟ ਦੀ ਮੁੱਖ ਜੱਜ ਦਾ ਅਹੁਦਾ ਸੰਭਾਲਿਆ ਹੈ। ਇਸ ਅਹੁਦੇ 'ਤੇ ਬਤੌਰ ਮਹਿਲਾ ਪਹੁੰਚਣ ਵਾਲੀ ਉਹ ਪਹਿਲੀ ਜੱਜ ਹੈ। ਉਨ੍ਹਾਂ ਸ਼ਨੀਵਾਰ ਨੂੰ ਬਲੋਚਿਸਤਾਨ ਹਾਈਕੋਰਟ ਦੇ ਮੁੱਖ ਜੱਜ ਦੇ ਅਹੁਦੇ ਦੀ ਸਹੁੰ ਚੁੱਕੀ। ਬਲੋਚਿਸਤਾਨ ਦੇ ਗਵਰਨਰ ਹਾਊਸ ਵਿੱਚ ਸਮਾਗਮ ਦੌਰਾਨ ਉਨ੍ਹਾਂ ਨੂੰ ਮੁੱਖ ਜੱਜ ਦੇ ਅਹੁਦੇ ਦੀ ਸਹੁੰ ਚੁਕਾਈ ਗਈ।


ਜ਼ਿਕਰਯੋਗ ਹੈ ਕਿ ਬਲੋਚਿਸਤਾਨ ਹਾਈ ਕੋਰਟ ਦੇ ਚੀਫ ਜਸਟਿਸ ਮੁਹੰਮਦ ਨੂਰ ਮੇਸਕਾਨਜ਼ਈ 31 ਅਗਸਤ ਨੂੰ ਸੇਵਾਮੁਕਤ ਹੋਏ ਹਨ ਤੇ ਉਨ੍ਹਾਂ ਤੋਂ ਬਾਅਦ ਜਸਟਿਸ ਤਾਹਿਰਾ ਨੇ ਇਹ ਅਹੁਦਾ ਸੰਭਾਲਿਆ ਹੈ। ਤਾਹਿਰਾ ਅਗਲੇ ਵਰ੍ਹੇ 5 ਅਕਤੂਬਰ ਤਕ ਇਸ ਅਹੁਦੇ 'ਤੇ ਰਹਿਣਗੇ।


ਦੱਸਣਯੋਗ ਹੈ ਕਿ 1982 ਵਿਚ ਬਲੋਚਿਸਤਾਨ ਵਿਚ ਪਹਿਲੀ ਮਹਿਲਾ ਸਿਵਲ ਜੱਜ ਹੋਣ ਦਾ ਮਾਣ ਵੀ ਜਸਟਿਸ ਤਾਹਿਰਾ ਸਫਦਰ ਨੂੰ ਹੀ ਪ੍ਰਾਪਤ ਹੈ। ਨਵੰਬਰ 2007 ਵਿੱਚ ਐਮਰਜੈਂਸੀ ਦੀ ਹਾਲਤ ਦਾ ਐਲਾਨ ਕਰਕੇ ਰਾਜਧ੍ਰੋਹ ਕਰਨ ਲਈ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਮੁਕੱਦਮੇ ਦੀ ਸੁਣਵਾਈ ਕਰਨ ਵਾਲੇ ਤਿੰਨ ਜੱਜਾਂ ਦੀ ਵਿਸ਼ੇਸ਼ ਅਦਾਲਤ ਦੇ ਵੀ ਜਸਟਿਸ ਤਾਹਿਰਾ ਮੈਂਬਰ ਰਹੇ ਹਨ।