ਰਵੀ ਇੰਦਰ ਸਿੰਘ


ਚੰਡੀਗੜ੍ਹ: ਕਬੱਡੀ ਸਿਰਫ਼ ਖੇਡ ਹੀ ਨਹੀਂ ਰਹੀ, ਬਲਕਿ ਇਹ ਹੁਣ ਮੋਟਾ ਪੈਸਾ ਕਮਾਉਣ ਦਾ ਸਾਧਨ ਬਣ ਗਈ ਹੈ। ਇਸ ਦੇ ਨਾਲ ਹੀ ਕਬੱਡੀ ਨੇ ਪੰਜਾਬੀਆਂ ਲਈ ਵਿਦੇਸ਼ਾਂ ਦੇ ਬੂਹੇ ਵੀ ਖੋਲ੍ਹ ਦਿੱਤੇ, ਜਿਸ ਦਾ ਕਈਆਂ ਨੇ ਨਾਜਾਇਜ਼ ਫਾਇਦਾ ਵੀ ਚੁੱਕਿਆ ਹੈ। ਇਸ ਗੱਲ ਦਾ ਖੁਲਾਸਾ ਕੈਨੇਡਾ ਸਰਕਾਰ ਦੀ ਖ਼ੁਫ਼ੀਆ ਰਿਪੋਰਟ ਵਿੱਚ ਹੋਇਆ ਹੈ, ਕਿ ਕਬੱਡੀ ਬਹਾਨੇ ਉਨ੍ਹਾਂ ਦੇ ਦੇਸ਼ ਆਉਣ ਵਾਲੇ ਨੌਜਵਾਨਾਂ ਵਿੱਚੋਂ ਅੱਧੇ ਹੀ ਵਾਪਸ ਪਰਤਦੇ ਹਨ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਤਕਰੀਬਨ 47 ਫ਼ੀਸਦ ਨੌਜਵਾਨ ਜੋ ਕੈਨੇਡਾ ਵਿੱਚ ਕਬੱਡੀ ਖੇਡਣ ਆਉਂਦੇ ਹਨ, ਵਾਪਸ ਨਹੀਂ ਪਰਤਦੇ। ਖ਼ਬਰ ਏਜੰਸੀ ਆਈਏਐਨਐਸ ਮੁਤਾਬਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਲ 2015, 2016 ਤੇ 2017 ਵਿੱਚ 261 ਕਬੱਡੀ ਖਿਡਾਰੀਆਂ ਨੂੰ ਵੀਜ਼ਾ ਜਾਰੀ ਹੋਏ, ਜਿਨ੍ਹਾਂ ਵਿੱਚੋਂ 47 ਫ਼ੀਸਦ ਨੇ ਵਾਪਸ ਭਾਰਤ ਪਰਤ ਕੇ ਚੰਡੀਗੜ੍ਹ ਸਥਿਤ ਪ੍ਰਵਾਸ ਕੇਂਦਰ 'ਚ ਸੂਚਿਤ ਨਹੀਂ ਕੀਤਾ। ਬਾਕੀਆਂ 'ਚੋਂ 26 ਫ਼ੀਸਦੀ ਨੇ ਕੈਨੇਡਾ ਵਿੱਚ ਕੰਮਕਾਜੀ ਵੀਜ਼ੇ (ਵਰਕ ਪਰਮਿਟ) ਤੇ ਇੱਕ ਫ਼ੀਸਦ ਨੇ ਰਿਫੀਊਜੀ ਹੋਣ ਦਾ ਦਾਅਵਾ ਕੀਤਾ।

ਰਿਪੋਰਟ ਮੁਤਾਬਕ ਇਨ੍ਹਾਂ ਸਾਲਾਂ ਵਿੱਚ ਖਿਡਾਰੀਆਂ ਦੇ ਵਾਪਸ ਆਪਣੇ ਦੇਸ਼ ਪਰਤਣ ਦੀ ਦਰ ਵਧੀ ਹੈ ਯਾਨੀ ਸਾਲ 2015 'ਚ 42% ਖਿਡਾਰੀ ਹੀ ਭਾਰਤ ਪਰਤੇ ਸਨ ਪਰ ਸਾਲ 2017 'ਚ 62% ਖਿਡਾਰੀ ਕੈਨੇਡਾ ਛੱਡ ਗਏ। ਉੱਧਰ, ਆਪਣੇ ਪੇਸ਼ੇ ਦੇ ਉਲਟ ਕੰਮਕਾਜੀ ਵੀਜ਼ੇ ਹਾਸਲ ਕਰਨ ਵਾਲੇ ਖਿਡਾਰੀਆਂ ਦੀ ਗਿਣਤੀ ਵੀ 21% ਤੋਂ 30% ਤਕ ਵਧੀ ਹੈ।

ਕੈਨੇਡਾ ਆਧਾਰਤ ਚਾਰ ਵੱਡੀਆਂ ਕਬੱਡੀ ਫੈਡਰੇਸ਼ਨਜ਼ ਇਨ੍ਹਾਂ ਖਿਡਾਰੀਆਂ ਨੂੰ ਵੱਡੀ ਗਿਣਤੀ ਵਿੱਚ ਮੌਜੂਦ ਭਾਰਤੀ ਲੋਕਾਂ ਦੇ ਮਨੋਰੰਜਨ ਲਈ ਉੱਥੇ ਖੇਡਣ ਲਈ ਬੁਲਾਉਂਦੀਆਂ ਹਨ। ਅੰਕੜੇ ਦੱਸਦੇ ਹਨ ਕਿ ਚਾਰ ਵਿੱਚੋਂ ਦੋ ਕਬੱਡੀ ਫੈਡਰੇਸ਼ਨਜ਼ ਵੱਲੋਂ ਸੱਦੇ ਗਏ ਖਿਡਾਰੀਆਂ ਵਿੱਚੋਂ 29% ਹੀ ਵਾਪਸ ਜਾਂਦੇ ਹਨ। ਚੰਡੀਗੜ੍ਹ ਸਥਿਤ ਵੀਜ਼ਾ ਦਫ਼ਤਰ ਮੁਤਾਬਕ ਵੱਡੀ ਗਿਣਤੀ ਵਿੱਚ ਕਬੱਡੀ ਖਿਡਾਰੀ ਕੈਨੇਡਾ ਜਾਣ ਲਈ ਬਿਨੈ ਕਰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੇਰੁਜ਼ਗਾਰ ਅਣਵਿਆਹੇ ਪੁਰਸ਼ ਹੁੰਦੇ ਹਨ ਜਿਨ੍ਹਾਂ ਕੋਲ ਕੋਈ ਖ਼ਾਸ ਆਰਥਕ ਵਸੀਲੇ ਵੀ ਨਹੀਂ ਹੁੰਦੇ।

ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਗ਼ਲਤਬਿਆਨੀ, ਧੋਖਾਧੜ੍ਹੀ ਤੇ ਜਾਅਲੀ ਦਸਤਾਵੇਜ਼ਾਂ ਜਿਵੇਂ ਕਿ ਟੂਰਨਾਮੈਂਟ ਦੇ ਜਾਅਲੀ ਸਬੂਤ ਤੇ ਫ਼ੋਟੋਗ੍ਰਾਫ ਆਦਿ ਨਾਲ ਕਬੱਡੀ ਖੇਡਣ ਲਈ ਵੀਜ਼ਾ ਹਾਸਲ ਕੀਤੇ ਜਾ ਰਹੇ ਹਨ। ਇਹ ਰਿਪੋਰਟ ਕੈਨੇਡਾ ਸਰਕਾਰ ਕੋਲ ਹੈ ਅਤੇ ਇਸ 'ਤੇ ਜਲਦ ਹੀ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ।