ਸਿਓਲ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ 12 ਜੂਨ ਨੂੰ ਸਿੰਗਾਪੁਰ ਵਿੱਚ ਇਤਿਹਾਸਕ ਮੁਲਾਕਾਤ ਹੋਣੀ ਹੈ। ਦੋਵੇਂ ਨੇਤਾ ਐਤਵਾਰ ਨੂੰ ਸਿੰਗਾਪੁਰ ਪਹੁੰਚ ਗਏ। ਇਸੇ ਦਰਮਿਆਨ ਖ਼ਬਰ ਹੈ ਕਿ ਕਿਮ ਨੇ ਟਰੰਪ ਨੂੰ ਜੁਲਾਈ ਵਿੱਚ ਦੂਜੀ ਵਾਰ ਮਿਲਣ ਲਈ ਉੱਤਰੀ ਕੋਰੀਆ ਆਉਣ ਦਾ ਸੱਦਾ ਦੇ ਦਿੱਤਾ ਹੈ।


 

ਦੱਖਣੀ ਕੋਰਿਆਈ ਅਖਬਾਰ ਦਾ ਦਾਅਵਾ

ਦੱਖਣੀ ਕੋਰਿਆਈ ਅਖ਼ਬਾਰ ਜੂਨਗਾਂਗ ਇਲਬੋ ਦਾ ਦਾਅਵਾ ਹੈ ਕਿ ਕਿਮ ਨੇ ਟਰੰਪ ਨੂੰ ਜੁਲਾਈ ਵਿੱਚ ਪਯੋਂਗਯਾਂਗ ਆਉਣ ਦਾ ਸੱਦਾ ਦਿੱਤਾ ਹੈ। ਅਖ਼ਬਾਰ ਦਾ ਕਹਿਣਾ ਹੈ ਕਿ ਜੇਕਰ 12 ਜੂਨ ਨੂੰ ਹੋਣ ਵਾਲੀ ਬੈਠਕ ਵਿੱਚ ਪਰਮਾਣੂ ਤਿਆਗ 'ਤੇ ਸਹਿਮਤੀ ਬਣਦੀ ਹੈ ਤਾਂ ਜੁਲਾਈ ਵਿੱਚ ਦੂਜੀ ਮੁਲਾਕਾਤ ਹੋ ਸਕਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਦੋਵਾਂ ਨੇਤਾਵਾਂ ਦੀ ਦੂਜੀ ਮਿਲਣੀ ਹੋ ਸਕਦੀ ਹੈ ਤਾਂ ਤੀਜੀ ਮਿਲਣੀ ਵਾਸ਼ਿੰਗਟਨ ਵਿੱਚ ਹੋ ਸਕਦੀ ਹੈ।

ਹਮੇਸ਼ਾ ਲਈ ਸ਼ਾਂਤੀ ਚਾਹੁੰਦਾ ਉੱਤਰੀ ਕੋਰੀਆ

ਉੱਥੇ, ਬੀਬੀਸੀ ਦਾ ਕਹਿਣਾ ਹੈ ਕਿ ਸਿੰਗਾਪੁਰ ਵਿੱਚ ਮੰਗਲਵਾਰ ਨੂੰ ਹੋਣ ਵਾਲੀ ਮੁਲਾਕਾਤ ਵਿੱਚ ਕਿਮ ਜੋਂਗ ਉਨ ਦਾ ਜ਼ੋਰ ਪੂਰੀ ਤਰ੍ਹਾਂ ਨਾਲ ਸ਼ਾਂਤੀ ਸਥਾਪਤ ਕਰਨ 'ਤੇ ਹੋਵੇਗਾ। ਕਿਮ ਮੁਤਾਬਕ ਪੂਰੀ ਦੁਨੀਆ ਦੀ ਨਿਗਾ ਉਸ ਸਮੇਂ ਟਰੰਪ 'ਤੇ ਟਿਕੀ ਸੀ, ਜਦ ਉਹ ਕਹਿ ਰਹੇ ਸੀ ਕਿ ਉਹ ਮੁਲਾਕਾਤ ਪ੍ਰਤੀ ਚੰਗਾ ਮਹਿਸੂਸ ਕਰ ਰਹੇ ਹਨ।

ਕਿਮ-ਟਰੰਪ ਦੀ ਮਿਲਣੀ ਪੈ ਰਹੀ 102 ਕਰੋੜ ਵਿੱਚ

ਟਰੰਪ ਤੇ ਕਿਮ ਦੀ ਇਸ ਮੁਲਾਕਾਤ ਉੱਪਰ ਤਕਰੀਬਨ 102 ਕਰੋੜ ਰੁਪਏ ਦਾ ਖਰਚਾ ਆ ਰਿਹਾ ਹੈ। ਇਹ ਖਰਚ ਸਿੰਗਾਪੁਰ ਝੱਲ੍ਹ ਰਿਹਾ ਹੈ। ਇਸ ਵਿੱਚ ਅੱਧਾ ਸੁਰੱਖਿਆ ਖਰਚ ਹੈ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਐਨ ਲੂੰਗ ਨੇ ਕਿਹਾ ਕਿ ਦੁਨੀਆ ਦੀ ਪਹਿਲ ਦੇ ਲਿਹਾਜ਼ ਨਾਲ ਇਹ ਖਰਚ ਵਾਜ਼ਬ ਹੈ, ਇਸ ਵਿੱਚ ਸਾਡੇ ਹਿਤ ਵੀ ਸ਼ਾਮਲ ਹਨ।

ਸੁਰੱਖਿਆ ਕਾਰਨਾਂ ਕਰਕੇ ਇਸ ਵਾਰ ਕਿਮ ਜੋਂਗ ਉੱਤਰ ਕੋਰੀਆ ਦੇ ਜਹਾਜ਼ ਵਿੱਚ ਸਵਾਰ ਨਹੀਂ ਹੋਏ। ਚਾਂਗੀ ਏਅਰਪੋਰਟ ਦੇ ਦੋ ਕੋਰੀਆਈ ਜਹਾਜ਼ ਉੱਤਰੇ ਤੇ ਕਿਮ ਜੋਂਗ ਦੇ ਨਾ ਉੱਤਰਨ ਕਾਰਨ ਹਵਾਈ ਅੱਡੇ ਦਾ ਅਮਲਾ ਹੈਰਾਨ ਹੋ ਗਿਆ ਪਰ ਉਦੋਂ ਹੀ ਕਿਮ ਏਅਰ ਚਾਈਨਾ ਦੇ ਬੋਇੰਗ ਵਿੱਚੋਂ ਉੱਤਰੇ। ਏਅਰ ਵੈੱਬਸਾਈਟ ਫਲਾਈਟਰੇਡਾਰ 24 ਮੁਤਾਬਕ ਪਹਿਲਾਂ ਕਿਮ ਪਯੋਂਗਯਾਂਗ ਤੋਂ ਬੀਜਿੰਗ ਗਏ, ਫਿਰ ਸਿੰਗਾਪੁਰ ਆਏ।

ਪਿਛਲੇ ਸੱਤ ਸਾਲਾਂ ਵਿੱਚ ਕਿਮ ਦੀ ਇਹ ਸਭ ਤੋਂ ਲੰਮੀ ਵਿਦੇਸ਼ ਯਾਤਰਾ ਹੈ। ਪਯੋਂਗਯਾਂਗ ਤੋ ਸਿੰਗਾਪੁਰ ਦੀ ਦੂਰੀ 4743 ਕਿਲੋਮੀਟਰ ਹੈ। ਇਸ ਤੋਂ ਪਹਿਲਾਂ ਉਹ ਦੋ ਵਾਰ ਰੇਲ ਰਾਹੀਂ ਚੀਨ ਗਏ ਸਨ।