Kim Jong Un: ਉੱਤਰੀ ਕੋਰੀਆ ਵਿੱਚ ਕਿਮ ਜੋਂਗ ਉਨ ਦੀ ਤਾਨਾਸ਼ਾਹੀ ਦਾ ਇੱਕ ਹੋਰ ਦ੍ਰਿਸ਼ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਦੀ ਸਰਕਾਰ ਨੇ ਜਨਤਕ ਤੌਰ 'ਤੇ 30 ਨਾਬਾਲਗ ਵਿਦਿਆਰਥੀਆਂ ਨੂੰ ਗੋਲੀ ਮਾਰ ਦਿੱਤੀ ਸੀ। ਇਨ੍ਹਾਂ ਵਿਦਿਆਰਥੀਆਂ ਦਾ ਕਸੂਰ ਸਿਰਫ਼ ਇਹ ਸੀ ਕਿ ਉਨ੍ਹਾਂ ਨੇ ਦੱਖਣੀ ਕੋਰੀਆ ਵਿੱਚ ਬਣੇ ਨਾਟਕ ਦੇਖੇ ਸਨ, ਜਿਨ੍ਹਾਂ ਨੂੰ ਕੋਰੀਅਨ ਡਰਾਮਾ ਜਾਂ ਕੇ-ਡਰਾਮਾ ਵੀ ਕਿਹਾ ਜਾਂਦਾ ਹੈ।


ਉੱਤਰੀ ਕੋਰੀਆ ਨੇ ਫਿਲਮਾਂ ਤੇ ਡਰਾਮਿਆਂ 'ਤੇ ਲਾਈ ਹੈ ਪਾਬੰਧੀ


 ਕਿਮ ਜੋਂਗ ਦੀ ਸਰਕਾਰ ਨੇ ਆਪਣੇ ਦੇਸ਼ 'ਚ ਦੱਖਣੀ ਕੋਰੀਆ ਦੇ ਡਰਾਮੇ ਅਤੇ ਫਿਲਮਾਂ ਦੇਖਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਦਾਅਵਾ ਦੱਖਣੀ ਕੋਰੀਆ ਦੇ ਨਿਊਜ਼ ਆਉਟਲੇਟ ਚੋਸੁਨ ਟੀਵੀ ਅਤੇ ਕੋਰੀਆ ਜੋਂਗਐਂਗ ਡੇਲੀ ਦੀਆਂ ਰਿਪੋਰਟਾਂ ਵਿੱਚ ਕੀਤਾ ਗਿਆ ਹੈ। 


30 ਵਿਦਿਆਰਥੀਆਂ ਦੀ ਗੋਲੀ ਮਾਰਕੇ ਕੀਤਾ ਕਤਲ


ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਹਫਤੇ ਕਰੀਬ 30 ਵਿਦਿਆਰਥੀਆਂ ਨੂੰ ਡਰਾਮਾ ਦੇਖਣ ਦੇ ਦੋਸ਼ 'ਚ ਗੋਲੀ ਮਾਰ ਦਿੱਤੀ ਗਈ ਸੀ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਦੀ ਉਮਰ 19 ਸਾਲ ਤੋਂ ਘੱਟ ਸੀ। ਜੌਂਗਐਂਗ ਡੇਲੀ ਮੁਤਾਬਕ ਇਹ ਘਟਨਾ ਪਿਛਲੇ ਹਫ਼ਤੇ ਵਾਪਰੀ। ਚੋਸੁਨ ਟੀਵੀ ਦੇ ਅਨੁਸਾਰ, ਵਿਦਿਆਰਥੀਆਂ ਨੇ ਪੈਨ ਡਰਾਈਵ ਵਿੱਚ ਪਾਏ ਗਏ ਕਈ ਦੱਖਣੀ ਕੋਰੀਆਈ ਡਰਾਮੇ ਵੇਖੇ ਸਨ। ਇਹ ਪੈੱਨ ਡਰਾਈਵਾਂ ਪਿਛਲੇ ਮਹੀਨੇ ਹੀ ਗੁਬਾਰਿਆਂ ਰਾਹੀਂ ਉੱਤਰੀ ਕੋਰੀਆ ਭੇਜੀਆਂ ਗਈਆਂ ਸਨ।


2020 ਵਿੱਚ ਐਕਟ ਬਣਾਕੇ ਕੀਤਾ ਸੀ ਮੌਤ ਦੀ ਸਜ਼ਾ ਦਾ ਐਲਾਨ


ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ 'ਚ ਜਾਪਾਨੀ, ਕੋਰੀਆਈ ਅਤੇ ਅਮਰੀਕੀ ਡਰਾਮਾ ਦੇਖਣ 'ਤੇ ਪਾਬੰਦੀ ਹੈ। ਸਿਰਫ਼ ਰੂਸੀ ਸਿਨੇਮਾ ਜਾਂ ਜਿਸ ਨੂੰ ਸਰਕਾਰ ਸਹੀ ਸਮਝਦੀ ਹੈ, ਉੱਥੇ ਦਿਖਾਇਆ ਜਾਂਦਾ ਹੈ। ਸਰਕਾਰ ਨੇ ਦਸੰਬਰ 2020 ਵਿੱਚ ਇਸ ਸਬੰਧੀ ਇੱਕ ਐਕਟ ਲਾਗੂ ਕੀਤਾ ਸੀ। ਜਿਸ ਦੇ ਤਹਿਤ ਦਰਸ਼ਕ ਲਈ ਮੌਤ ਦੀ ਸਜ਼ਾ ਤੇ 15 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ। ਪੁਸਤਕਾਂ, ਗੀਤ ਅਤੇ ਤਸਵੀਰਾਂ ਵੀ ਇਸ ਦੇ ਦਾਇਰੇ ਵਿਚ ਆਉਂਦੀਆਂ ਹਨ। 


ਦਹਾਕਿਆਂ ਤੋਂ ਬਣਿਆ ਹੋਇਆ ਤਣਾਅ 


ਇਸ ਸਮੇਂ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਵਿਚਾਲੇ ਕਾਫੀ ਤਣਾਅ ਹੈ। ਸਾਲ ਦੀ ਸ਼ੁਰੂਆਤ ਵਿੱਚ ਕਿਮ ਜੋਂਗ ਨੇ ਦੱਖਣੀ ਕੋਰੀਆ ਨੂੰ ਆਪਣਾ ਦੁਸ਼ਮਣ ਘੋਸ਼ਿਤ ਕੀਤਾ ਸੀ।