ਟੋਕਿਓ: ਕੋਰੀਆ ਪ੍ਰਇਦੀਪ 'ਚ ਵਧਦੇ ਤਣਾਅ ਦਰਮਿਆਨ ਜਪਾਨ 'ਚ ਅਮਰੀਕਾ ਦੀ ਮਿਜ਼ਾਇਲ ਡਿਫੈਂਸ ਸਿਸਟਮ ਯੋਜਨਾ ਅੱਧਵਾਟੇ ਲਟਕ ਗਈ ਹੈ। ਜਪਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਆਪਣੇ ਦੇਸ਼ 'ਚ ਅਮਰੀਕੀ ਮਿਜ਼ਾਇਲ ਰੱਖਿਆ ਪ੍ਰਣਾਲੀਆਂ ਦੀ ਤਾਇਨਾਤੀ ਕਰਨ ਦੇ ਫੈਸਲੇ 'ਤੇ ਰੋਕ ਲਾਈ ਹੈ।


ਰੱਖਿਆ ਮੰਤਰੀ ਤਾਰੋ ਕੋਨੋ ਨੇ ਪੱਤਰਕਾਰਾਂ ਨੂੰ ਸੋਮਵਾਰ ਕਿਹਾ ਕਿ ਸਮੇਂ ਤੇ ਲਾਗਤ ਕਾਰਨ ਉਨ੍ਹਾਂ ਏਜਿਸ ਏਸ਼ੋਰ ਸਿਸਟਮ ਦੀ ਤਾਇਨਾਤੀ ਪ੍ਰਕਿਰਿਆ 'ਤੇ ਰੋਕ ਲਾ ਦਿੱਤੀ ਹੈ। ਕੋਨੋ ਨੇ ਕਿਹਾ ਲਾਗਤ ਤੇ ਸਮੇਂ ਨੂੰ ਧਿਆਨ 'ਚ ਰੱਖਦਿਆਂ ਮੇਰੇ ਕੋਲ ਕੋਈ ਹੋਰ ਵਿਕਲਪ ਨਹੀਂ ਸੀ।


ਜਪਾਨੀ ਸਰਕਾਰ ਨੇ ਸਾਲ 2017 'ਚ ਦੇਸ਼ ਲਈ ਦੋ ਮਿਜ਼ਾਇਲ ਡਿਫੈਂਸ ਸਿਸਟਮ ਜੋੜਨ ਦੀ ਮਨਜ਼ੂਰੀ ਦਿੱਤੀ ਸੀ। ਇਸ 'ਚ ਇਕ ਸਮੁੰਦਰ 'ਚ ਏਗਿਸ ਨਾਲ ਲੈਸ ਤੇ ਦੂਜੀ ਜ਼ਮੀਨ ਤੇ' ਮੌਜੂਦ ਪੈਟ੍ਰਿਅਟ ਮਿਜ਼ਾਇਲ ਸ਼ਾਮਲ ਸੀ। ਰੱਖਿਆ ਅਧਿਕਾਰੀਆਂ ਨੇ ਕਿਹਾ ਸੀ ਕਿ ਦੋ ਏਜਿਸ ਏਸ਼ੋਰ ਇਕਾਈਆਂ ਜਪਾਨ ਨੂੰ ਪੂਰੀ ਤਰ੍ਹਾਂ ਕਵਰ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਸਰਕਾਰ ਨੂੰ ਹੁਣ ਜਪਾਨ ਦੇ ਮਿਜ਼ਾਇਲ ਰੱਖਿਆ ਪ੍ਰੋਗਰਾਮ 'ਤੇ ਮੁੜ ਵਿਚਾਰ ਕਰਨਾ ਪਏਗਾ।