ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਦਿਵਸ 'ਤੇ ਸੰਯੁਕਤ ਰਾਸ਼ਟਰ ਭਾਰਤੀ ਫੌਜ ਦੀ ਮੇਜਰ ਰਾਧਿਕਾ ਸੇਨ ਨੂੰ ਵੱਕਾਰੀ ਫੌਜੀ ਪੁਰਸਕਾਰ ਦੇਣ ਜਾ ਰਿਹਾ ਹੈ। ਉਹਨਾਂ ਨੇ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਟੀਮ ਦੇ ਹਿੱਸੇ ਵਜੋਂ ਦੇਸ਼ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਇੰਨੇ ਵੱਡੇ ਪਲੇਟਫਾਰਮ 'ਤੇ ਭਾਰਤ ਦੀ ਨੁਮਾਇੰਦਗੀ ਕਰਨਾ ਉਨ੍ਹਾਂ ਲਈ ਸਨਮਾਨ ਅਤੇ ਗੌਰਵ ਦੀ ਗੱਲ ਹੈ। ਮੇਜਰ ਸੁਮਨ ਗਵਾਨੀ ਤੋਂ ਬਾਅਦ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਉਹ ਦੂਜੀ ਭਾਰਤੀ ਅਧਿਕਾਰੀ ਹੈ।
ਭਾਰਤੀ ਫੌਜ ਵਿੱਚ ਮੇਜਰ ਰਾਧਿਕਾ ਸੇਨ ਨੇ 'ਕਾਂਗੋ ਲੋਕਤੰਤਰੀ ਗਣਰਾਜ ਵਿੱਚ ਸੰਯੁਕਤ ਰਾਸ਼ਟਰ ਸੰਗਠਨ ਸਥਿਰਤਾ ਮਿਸ਼ਨ' ਵਿੱਚ ਸੇਵਾ ਨਿਭਾਈ। ਉਹਨਾਂ ਨੂੰ 30 ਮਈ ਨੂੰ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਦਿਵਸ ਦੇ ਮੌਕੇ 'ਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਦੁਆਰਾ ਵੱਕਾਰੀ '2023 ਸੰਯੁਕਤ ਰਾਸ਼ਟਰ ਮਿਲਟਰੀ ਜੈਂਡਰ ਐਡਵੋਕੇਟ ਆਫ ਦਿ ਈਅਰ ਅਵਾਰਡ' ਪ੍ਰਦਾਨ ਕੀਤਾ ਜਾਵੇਗਾ।
ਮੇਜਰ ਸੇਨ ਨੇ ਕਿਹਾ ਕਿ, 'ਇਹ ਯਕੀਨੀ ਤੌਰ 'ਤੇ ਮੇਰੇ ਲਈ ਸਨਮਾਨ ਅਤੇ ਗੌਰਵ ਦੀ ਗੱਲ ਹੈ ਕਿ ਮੈਨੂੰ ਨਾ ਸਿਰਫ਼ ਆਪਣੀ ਟੀਮ, ਸਗੋਂ ਮੇਰੇ ਸਾਰੇ ਸਤਿਕਾਰਯੋਗ ਸਹਿਯੋਗੀਆਂ, ਮੋਨੂਸਕੋ ਸ਼ਾਂਤੀ ਰੱਖਿਅਕਾਂ ਅਤੇ ਖਾਸ ਕਰਕੇ ਮੇਰੇ ਦੇਸ਼ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ।' ਉਨ੍ਹਾ ਕਿਹਾ ਕਿ ਇੰਨੇ ਵੱਡੇ ਅੰਤਰਰਾਸ਼ਟਰੀ ਪਲੇਟਫਾਰਮ ‘ਤੇ ਦੇਸ਼ ਦੀ ਨੁਮਾਇੰਦਗੀ ਕਰਨ ਦੀ ਭਾਵਨਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਮੇਜਰ ਸੁਮਨ ਗਵਾਨੀ ਤੋਂ ਬਾਅਦ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਉਹ ਦੂਜੀ ਭਾਰਤੀ ਸ਼ਾਂਤੀ ਰੱਖਿਅਕ ਹੈ। ਮੇਜਰ ਗਵਾਨੀ ਨੇ ਦੱਖਣੀ ਸੂਡਾਨ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਸੇਵਾ ਕੀਤੀ ਅਤੇ 2019 ਵਿੱਚ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸੰਯੁਕਤ ਰਾਸ਼ਟਰ ਦੀ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ, ਮੇਜਰ ਸੇਨ ਨੂੰ ਮਾਰਚ 2023 ਤੋਂ ਅਪ੍ਰੈਲ 2024 ਤੱਕ ਕਾਂਗੋ ਗਣਰਾਜ ਦੇ ਪੂਰਬ ਵਿੱਚ ਇੰਡੀਅਨ ਰੈਪਿਡ ਡਿਪਲਾਇਮੈਂਟ ਬਟਾਲੀਅਨ ਦੇ ਕਮਾਂਡਰ ਵਜੋਂ ਤਾਇਨਾਤ ਕੀਤਾ ਗਿਆ ਸੀ।
ਮੇਜਰ ਸੇਨ ਨੇ ਭਾਰਤੀ ਦੂਤਾਵਾਸ ਵਿਖੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨਾਲ ਵੀ ਮੁਲਾਕਾਤ ਕੀਤੀ। ਭਾਰਤੀ ਰਾਜਦੂਤ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਮੇਜਰ ਰਾਧਿਕਾ ਸੇਨ ਨੂੰ ਕਾਂਗੋ ਵਿੱਚ ਉਹਨਾਂਦੀ ਸ਼ਾਨਦਾਰ ਸੇਵਾ ਲਈ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦਾ ਸਮਰਪਣ ਅਤੇ ਬਹਾਦਰੀ ਇੱਕ ਬਿਹਤਰ ਸੰਸਾਰ ਦੇ ਨਿਰਮਾਣ ਵਿੱਚ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਅਮੁੱਲ ਭੂਮਿਕਾ ਨੂੰ ਦਰਸਾਉਂਦੀ ਹੈ।"