ਚੰਡੀਗੜ੍ਹ: ਮਾਰਕਫੈੱਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਦਾ ਘੇਰਾ ਵਧਾਉਂਦਿਆਂ ਹਾਂਗਕਾਂਗ ਵਿੱਚ ਵੀ ਵਿਕਰੀ ਕੇਂਦਰ ਖੋਲ੍ਹ ਲਿਆ ਹੈ। ਇੰਡੀਆ ਫੂਡ ਮਾਰਟ ਦੇ ਉੱਦਮ ਸਦਕਾ ਹਾਂਗਕਾਂਗ ਦੀ ਮਸ਼ਹੂਰ ਇੰਡੀਆ ਮਾਰਕਿਟ ‘ਚੁੰਗ ਕਿੰਗ ਮੋਨਸਨ’ ਵਿੱਚ ਕਮਲ ਸਵੀਟ ਵਿਖੇ ਮਾਰਕਫੈਡ ਦਾ ਕਾਊਂਟਰ ਖੋਲ੍ਹਿਆ ਗਿਆ।

ਇਸ ਦਾ ਉਦਘਾਟਨ ਮਾਰਕਫੈਡ ਦੇ ਡਾਇਰੈਕਟਰ ਸੰਦੀਪ ਸਿੰਘ ਰੰਧਾਵਾ ਨੇ ਕੀਤਾ। ਇਸ ਮੌਕੇ ਰੰਧਾਵਾ ਨੇ ਕਿਹਾ ਕਿ ਚਾਹੇ ਮਾਰਕਫੈਡ ਲਈ ਇਹ ਬਿਲਕੁਲ ਨਵੀਂ ਮਾਰਕੀਟ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਪੂਰੀ ਮਿਹਨਤ ਕਰਕੇ ਮਾਰਕਫੈਡ ਦੇ ਉਤਪਾਦਾਂ ਨੂੰ ਪ੍ਰਚੱਲਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਇੰਡੀਆ ਫੂਡ ਮਾਰਟ ਦੇ ਮਾਲਕ ਕੁਲਦੀਪ ਸਿੰਘ ਉੱਪਲ ਤੇ ਗੁਰਮੀਤ ਸਿੰਘ ਸੱਗੂ ਨੇ ਦੱਸਿਆ ਕਿ ਮਾਰਕਫੈਡ ਵੱਲੋਂ ਤਿਆਰ ਕੀਤਾ ਸਰ੍ਹੋਂ ਦਾ ਸਾਗ, ਦਾਲ ਮੱਖਣੀ, ਚਟਪਟਾ ਚਣਾ, ਕੜ੍ਹੀ-ਪਕੌੜਾ ਆਦਿ ਇੱਥੇ ਵਸਦੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ।

ਇਸ ਤੋਂ ਇਲਾਵਾ ਇੱਥੋਂ ਦੇ ਪੰਜਾਬੀ ਘਰਾਂ ਦੇ ਨਾਲ-ਨਾਲ ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਮਾਰਕਫੈਡ ਦੇ ਉਤਪਾਦ ਸੋਹਣਾ ਆਟਾ, ਸੋਹਣਾ ਬਾਸਮਤੀ ਚਾਵਲ, ਆਚਾਰ ਤੇ ਮੁਰੱਬਾ ਵੀ ਪਹੁੰਚਾਏ ਜਾਣਗੇ।

ਇਸ ਮੌਕੇ ਪੰਜਾਬੀ ਕਲਾਕਾਰਾਂ ਦੀ ਨੁਮਾਇੰਦਗੀ ਕਰਦੇ ਹੋਏ ਹਾਂਗਕਾਂਗ ਦੇ ਪੰਜਾਬੀ ਗਾਇਕ ਗੁਰਦੀਪ ਸਿੰਘ ਸਵੱਦੀ ਨੇ ਕਿਹਾ ਕਿ ਮਾਰਕਫੈਡ ਵੱਲੋਂ ਹਾਂਗਕਾਂਗ ਰਹਿੰਦੇ ਪੰਜਾਬੀਆਂ ਨੂੰ ਇਹ ਬਹੁਤ ਵਧੀਆ ਤੋਹਫਾ ਦਿੱਤਾ ਗਿਆ ਹੈ।

ਮਾਰਕਫੈਡ ਵੱਲੋਂ ਜਿੱਥੇ ਪਹਿਲਾਂ ਵੀ ਵਿਦੇਸ਼ਾਂ ਵਿੱਚ ਡੱਬਾਬੰਦ ਖਾਣੇ ਭੇਜੇ ਜਾਂਦੇ ਸਨ, ਹੁਣ ਫੈਸਲਾ ਕੀਤਾ ਗਿਆ ਹੈ ਕਿ ਮਾਰਕਫੈਡ ਦੇ ਉਤਪਾਦਾਂ ਨੂੰ ਪੰਜਾਬ ਤੋਂ ਬਾਹਰ ਜਾ ਕੇ ਵੇਚਣ ਲਈ ਵੀ ਵਿਕਰੀ ਕੇਂਦਰ ਖੋਲ੍ਹੇ ਜਾਣ। ਦੇਸ਼ ਅੰਦਰ ਇਸ ਦੀ ਸ਼ੁਰੂਆਤ ਗੁਜਰਾਤ ਦੇ ਸ਼ਹਿਰ ਵਡੋਦਰਾ ਤੋਂ ਕਰ ਦਿੱਤੀ ਹੈ ਤੇ ਮਹਾਂਰਾਸ਼ਟਰ ਦੇ ਸ਼ਹਿਰਾਂ ਵਿੱਚ ਵੀ ਜਲਦ ਹੀ ਵਿਕਰੀ ਕੇਂਦਰ ਖੋਲ੍ਹੇ ਜਾ ਰਹੇ ਹਨ।