ਦੁਨੀਆ ਦੀ ਸਰਕਾਰੀ ਤੇ ਕੌਮਾਂਤਰੀ ਸੰਸਥਾਵਾਂ ਨੂੰ ਸੋਸ਼ਲ ਮੀਡੀਆ ਦੀ ਰਣਨੀਤੀ ਬਣਾਉਣ ਵਿੱਚ ਮਦਦ ਦੇਣ ਵਾਲੀ ਸੰਸਥਾ ਟਵਿਪਲੋਮੇਸੀ ਦੀ ਰਿਪੋਰਟ ਵਿੱਚ ਪਿਛਲੇ ਮਹੀਨੇ ਦੁਨੀਆ ਭਰ ਦੇ ਨੇਤਾਵਾਂ ਤੇ ਧਰਮ ਗੁਰੂਆਂ ਤੋਂ ਲੈ ਕੇ ਸੈਲੀਬ੍ਰਿਟੀਜ਼ ਤਕ ਦੇ ਜਾਅਲੀ ਫਾਲੋਅਰਜ਼ ਦੀ ਜਾਣਕਾਰੀ ਜਨਤਕ ਕੀਤੀ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਫੇਕ ਫਾਲੋਅਰਜ਼ ਦੀ ਇਸ ਸੂਚੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਭ ਤੋਂ ਸਿਖਰ 'ਤੇ ਹਨ।


ਇਸ ਰਿਪੋਰਟ ਦੀ ਮੰਨੀਏ ਤਾਂ ਸਾਊਦੀ ਦੇ ਕਿੰਗ ਸਲਮਾਨ ਦੇ ਟਵਿੱਟਰ 'ਤੇ 6.78 ਮਿਲੀਅਨ ਫਾਲੋਅਰਜ਼ ਹਨ, ਇਨ੍ਹਾਂ ਵਿੱਚ ਅੱਠ ਫ਼ੀਸਦੀ ਜਾਅਲੀ ਹਨ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸੂਚੀ ਵਿੱਚ ਦੂਜੇ ਸਥਾਨ 'ਤੇ ਹਨ। ਰਿਪੋਰਟ ਮੁਤਾਬਕ, ਟਵਿੱਟਰ 'ਤੇ ਉਨ੍ਹਾਂ ਦੇ 47.9 ਮਿਲੀਅਨ ਫਾਲੋਅਰਜ਼ ਹਨ ਜਿਨ੍ਹਾਂ ਵਿੱਚੋਂ 37 ਫ਼ੀਸਦੀ ਫੇਕ ਹਨ।

ਇਸ ਸੂਚੀ ਵਿੱਚ ਤੀਜੇ ਸਥਾਨ 'ਤੇ ਅਮਰੀਕਾ ਦੇ ਗੁਆਂਢੀ ਮੁਲਕ ਮੈਕਸਿਕੋ ਦੇ ਰਾਸ਼ਟਰਪਤੀ ਪੇਨਾ ਨਿਏਟੋ ਹਨ। ਉਨ੍ਹਾਂ ਦੇ ਟਵਿੱਟਰ 'ਤੇ 7.12 ਮਿਲੀਅਨ ਫਾਲੋਅਰਜ਼ ਹਨ ਤੇ ਇਨ੍ਹਾਂ ਵਿੱਚੋਂ 47 ਫ਼ੀਸਦੀ ਜਾਅਲੀ ਹਨ। ਇਸਾਈਆਂ ਦੇ ਸਭ ਤੋਂ ਵੱਡੇ ਧਰਮ ਗੁਰੂ ਪੋਪ ਫ੍ਰਾਂਸਿਸ ਦੇ ਟਵਿੱਟਰ 'ਤੇ 16.7 ਫ਼ੀਸਦੀ ਫਾਲੋਅਰਜ਼ ਹਨ ਇਨ੍ਹਾਂ ਵਿੱਚੋਂ 59 ਫ਼ੀਸਦੀ ਜਾਅਲੀ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਦੇ ਇਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ 40.3 ਮਿਲੀਅਨ ਫਾਲੋਅਰਜ਼ ਹਨ, ਜਿਨ੍ਹਾਂ ਵਿੱਚੋਂ 60 ਫ਼ੀਸਦੀ ਫੇਕ ਫਾਲੋਅਰਜ਼ ਹਨ। ਇਸ ਸੂਚੀ ਵਿੱਚ ਹਾਲੀਵੁੱਡ ਸਟਾਰ ਕਿਮ ਕਰਦਾਸ਼ੀਆਂ ਦੇ ਵੀ 44 ਫ਼ੀਸਦੀ ਜਾਅਲੀ ਫਾਲੋਅਰਜ਼ ਹਨ। ਉਨ੍ਹਾਂ ਦੇ ਟਵਿੱਟਰ 'ਤੇ ਕੁੱਲ 59.2 ਮਿਲੀਅਨ ਫਾਲੋਅਰਜ਼ ਹਨ। ਪੌਪ ਸਟਾਰ ਟੇਲਰ ਸਵਿਫ਼ਟ ਨੂੰ 85.6 ਮਿਲੀਅਨ ਲੋਕ ਫਾਲੋ ਕਰਦੇ ਹਨ। ਇਨ੍ਹਾਂ ਵਿੱਚੋਂ 19 ਫ਼ੀਸਦੀ ਫੇਕ ਫਾਲੋਅਰਜ਼ ਹਨ।