Monkeypox Virus: ਦੁਨੀਆ ਅਜੇ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਤੋਂ ਬਾਹਰ ਨਹੀਂ ਆਈ ਸੀ ਕਿ ਹੁਣ ਇੱਕ ਹੋਰ ਵਾਇਰਸ ਨੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਕੀਪੌਕਸ ਹੁਣ ਵਾਇਰਸ ਦੇ ਫੈਲਣ ਦੀ ਲੜੀ ਵਿੱਚ ਸ਼ਾਮਲ ਹੋ ਗਿਆ ਹੈ। ਦੁਨੀਆ ਦੇ ਵੱਖ-ਵੱਖ ਖੇਤਰਾਂ ਤੋਂ ਮੰਕੀਪੌਕਸ ਵਾਇਰਸ ਦੇ ਮਾਮਲੇ ਵੀ ਆ ਰਹੇ ਹਨ। ਇਹ ਵਾਇਰਸ ਹੁਣ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਰਿਹਾ ਹੈ।



ਉੱਤਰੀ ਅਮਰੀਕਾ ਅਤੇ ਯੂਰਪ ਵਿੱਚ ਸਿਹਤ ਅਧਿਕਾਰੀਆਂ ਨੇ ਮਈ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮੰਕੀਪੌਕਸ ਦੇ ਦਰਜਨਾਂ ਸ਼ੱਕੀ ਜਾਂ ਪੁਸ਼ਟੀ ਕੀਤੇ ਕੇਸਾਂ ਦਾ ਪਤਾ ਲਗਾਇਆ ਹੈ। ਸਪੇਨ ਅਤੇ ਪੁਰਤਗਾਲ ਵਿੱਚ 40 ਤੋਂ ਵੱਧ ਸੰਭਾਵਿਤ ਅਤੇ ਪ੍ਰਮਾਣਿਤ ਮਾਮਲਿਆਂ ਦਾ ਪਤਾ ਲਗਾਉਣ ਤੋਂ ਬਾਅਦ ਸੂਚੀ ਵਿੱਚ ਸ਼ਾਮਲ ਹੋਣ ਵਾਲਾ ਕੈਨੇਡਾ ਸਭ ਤੋਂ ਨਵਾਂ ਦੇਸ਼ ਹੈ, ਜੋ ਮੰਕੀਪੌਕਸ ਦੇ ਇੱਕ ਦਰਜਨ ਤੋਂ ਵੱਧ ਸ਼ੱਕੀ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ।

ਯੂਕੇ ਵਿੱਚ 6 ਮਈ ਤੋਂ ਮੰਕੀਪੌਕਸ ਦੇ ਨੌਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਹੀ ਅਮਰੀਕਾ ਨੇ ਬੁੱਧਵਾਰ ਨੂੰ ਕੈਨੇਡਾ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਪਰਤੇ ਇੱਕ ਨਾਗਰਿਕ ਵਿੱਚ ਮੰਕੀਪੌਕਸ ਵਾਇਰਸ ਦੀ ਲਾਗ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ।

ਮੰਕੀਪੌਕਸ ਤੋਂ ਪ੍ਰਭਾਵਿਤ ਜ਼ਿਆਦਾਤਰ ਮਰੀਜ਼ ਕੁਝ ਹੀ ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ। ਇਹ ਬਿਮਾਰੀ ਬਹੁਤ ਘੱਟ ਮਾਮਲਿਆਂ ਵਿੱਚ ਹੀ ਘਾਤਕ ਸਾਬਤ ਹੋਈ ਹੈ। ਇਸ ਬਿਮਾਰੀ ਨੇ ਹਾਲ ਹੀ ਦੇ ਸਾਲਾਂ ਵਿੱਚ ਮੱਧ ਤੇ ਪੱਛਮੀ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਹਜ਼ਾਰਾਂ ਲੋਕਾਂ ਨੂੰ ਫੜ ਲਿਆ ਹੈ ਪਰ ਇਹ ਯੂਰਪ ਅਤੇ ਉੱਤਰੀ ਅਫਰੀਕਾ ਵਿੱਚ ਇੰਨਾ ਘਾਤਕ ਸਾਬਤ ਨਹੀਂ ਹੋਇਆ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਕਿਸਮ ਦੀਆਂ ਨਵੀਆਂ ਮਾਰੂ ਬਿਮਾਰੀਆਂ 'ਤੇ ਯੂਕੇ ਤੇ ਯੂਰਪੀਅਨ ਸਿਹਤ ਅਧਿਕਾਰੀਆਂ ਨਾਲ ਤਾਲਮੇਲ ਕਰ ਰਿਹਾ ਹੈ।

Monkeypox ਦੇ ਲੱਛਣ
ਮੰਕੀਪੌਕਸ ਇੱਕ ਦੁਰਲੱਭ ਪਰ ਸੰਭਾਵੀ ਤੌਰ 'ਤੇ ਗੰਭੀਰ ਵਾਇਰਲ ਰੋਗ ਹੈ ਜੋ  ਜਿਆਦਾਤਰ ਫਲੂ ਵਰਗੀ ਬਿਮਾਰੀ ਤੇ ਲਿੰਫ ਨੋਡਸ ਦੀ ਸੋਜ ਨਾਲ ਸ਼ੁਰੂ ਹੁੰਦੀ ਹੈ ਅਤੇ ਚਿਹਰੇ ਅਤੇ ਸਰੀਰ 'ਤੇ ਧੱਫੜ ਦੇ ਰੂਪ ਵਿੱਚ ਵਿਕਸਤ ਹੁੰਦੀ ਹੈ। ਇਸ ਬਿਮਾਰੀ ਵਿੱਚ ਜ਼ਿਆਦਾਤਰ ਲਾਗ 2 ਤੋਂ 4 ਹਫ਼ਤਿਆਂ ਤੱਕ ਰਹਿੰਦੀ ਹੈ। ਆਮ ਤੌਰ 'ਤੇ, ਬੁਖਾਰ, ਧੱਫੜ ਅਤੇ ਸੁੱਜੇ ਹੋਏ ਲਿੰਫ ਨੋਡਸ ਵਰਗੇ ਲੱਛਣ ਉਦੋਂ ਪ੍ਰਗਟ ਹੁੰਦੇ ਹਨ ਜਦੋਂ ਬਿਮਾਰੀ ਆਪਣੀ ਪਕੜ ਵਿੱਚ ਆਉਂਦੀ ਹੈ।