ਇਸ ਤੋਂ ਪਹਿਲਾਂ ਜਮਾਤ ਉਦ-ਦਾਵਾ ਦੇ ਮੁਖੀ ਹਾਫਿਜ਼ ਤੇ ਤਿੰਨ ਹੋਰ ਨੂੰ ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਯਾਨੀ ਏਟੀਸੀ ਨੇ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਸੀ। ਏਟੀਸੀ ਨੇ ਹਾਫਿਜ਼ ਸਣੇ ਤਿੰਨ ਹੋਰ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਜ਼ਮਾਨਤ ਦੇ ਦਿੱਤੀ। ਇੱਕ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਕਾਰਵਾਈ ਕਰਦਿਆਂ ਹਾਫਿਜ਼ ਨੂੰ ਲਾਹੌਰ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ।
ਦਅਰਸਲ ਇਹ ਗ੍ਰਿਫ਼ਤਾਰੀ ਅੱਤਵਾਦੀਆਂ ਨੂੰ ਫੰਡਿੰਗ ਕਰਨ ਦੇ ਮਾਮਲੇ 'ਚ ਕੀਤੀ ਗਈ, ਕਿਉਂਕਿ ਯੂਐਨ ਨੇ ਹਾਫਿਜ਼ ਸਾਈਦ ਨੂੰ ਗਲੋਬਲ ਅੱਤਵਾਦੀ ਐਲਾਨਿਆ ਹੋਇਆ। ਪਾਕਿਸਤਾਨ ਸਰਕਾਰ ਨੂੰ ਹਾਫਿਜ਼ ਸਾਈਦ 'ਤੇ ਕਾਰਵਾਈ ਕਰਨ ਤੇ ਅੱਤਵਾਦੀਆਂ ਨੂੰ ਫੰਡਿੰਗ ਰੋਕਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਹ ਕਦਮ ਚੁੱਕੇ।
ਗ੍ਰਿਫ਼ਤਾਰ ਤੋਂ ਪਹਿਲਾਂ ਹਾਫਿਜ਼ ਸਈਦ ਨੇ ਅੱਤਵਾਦੀ ਰੋਕੂ ਅਦਾਲਤ ਤੋਂ ਇੱਕ ਜ਼ਮੀਨ ਕਬਜ਼ਾਉਣ ਦੇ ਮਾਮਲੇ 'ਚ ਅਗਾਉਂ ਜ਼ਮਾਨਤ ਵੀ ਲਈ ਸੀ। ਹਾਫਿਜ਼ ਸਈਦ 'ਤੇ ਇਲਜ਼ਾਮ ਨੇ ਕਿ ਉਸ ਨੇ ਮਦਰੱਸੇ ਦੀ ਜ਼ਮੀਨ ਦੀ ਨਾਜਾਇਜ਼ ਵਰਤੋਂ ਕੀਤੀ।
ਸਈਦ ਤੇ ਉਸ ਦੇ ਸਾਥੀਆਂ 'ਤੇ ਅੱਤਵਾਦੀ ਫੰਡਿੰਗ ਦੇ 23 ਹੋਰ ਮਾਮਲੇ ਦਰਜ ਹਨ। ਹਾਫਿਜ਼ ਐਨਆਈਏ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ ਹੈ। ਭਾਰਤ ਸਣੇ ਅਮਰੀਕਾ, ਬ੍ਰਿਟੇਨ, ਯੂਰਪ ਸੰਘ, ਰੂਸ ਤੇ ਆਸਟ੍ਰੇਲੀਆ ਨੇ ਇਸ ਦੇ ਸੰਗਠਨਾਂ 'ਤੇ ਪਾਬੰਦੀ ਲਗਾਈ ਹੋਈ ਹੈ।