ਨਵੀਂ ਦਿੱਲੀ: ਅਮਰੀਕਾ ਤੇ ਉੱਤਰੀ ਕੋਰੀਆ ਦੀ ਦੁਸ਼ਮਣੀ ਰੋਜ਼ਾਨਾ ਵਧਦੀ ਹੀ ਜਾ ਰਹੀ ਹੈ। ਇਸ ਦੁਸ਼ਮਣੀ ਵਿੱਚ ਪਰਮਾਣੂ ਬੰਬ ਵੀ ਸ਼ਾਮਲ ਹੈ। ਹੁਣ ਸਵਾਲ ਇਹ ਹੈ ਕਿ ਅਮਰੀਕਾ ਤੇ ਉੱਤਰੀ ਕੋਰੀਆ ਦੀ ਦੁਸ਼ਮਣੀ 'ਚ ਭਾਰਤ ਨੂੰ ਕੋਈ ਨੁਕਸਾਨ ਹੈ? ਪੜ੍ਹੋ ਇਹ ਖਾਸ ਰਿਪੋਰਟ।


ਉੱਤਰ ਕੋਰੀਆ ਕੋਲ 1000 ਕਿਲੋਮੀਟਰ ਤੱਕ ਹਮਲਾ ਕਰਨ ਵਾਲੀਆਂ ਨੋਡੋਂਗ ਮਿਸਾਈਲਾਂ ਹਨ। ਇਨ੍ਹਾਂ ਵਿੱਚੋਂ ਇੱਕ 5500-11,500 ਕਿਲੋਮੀਟਰ, ਦੂਜੀ 8000 ਤੋਂ 10000 ਕਿਲੋਮੀਟਰ ਤੇ ਤੀਜੀ 10,400 ਕਿਲੋਮੀਟਰ ਤੱਕ ਹਮਲਾ ਕਰ ਸਕਦੀ ਹੈ। ਉੱਤਰ ਕੋਰੀਆ ਦਾ ਦਾਅਵਾ ਹੈ ਕਿ ਇਨ੍ਹਾਂ ਤਿੰਨਾਂ ਹੀ ਮਿਸਾਈਲਾਂ ਨਾਲ ਉਹ ਅਮਰੀਕਾ 'ਤੇ ਹਮਲਾ ਕਰ ਸਕਦਾ ਹੈ।

ਭਾਰਤ ਦੀ ਚਿੰਤਾ ਉੱਤਰੀ ਕੋਰੀਆ ਤੇ ਪਾਕਿਸਤਾਨ ਦੀ ਮਿਲੀਭੁਗਤ ਹੈ। ਉਹ ਵੀ ਉਦੋਂ ਜਦ ਅਸੀਂ ਉਸ ਦੇ ਤੀਜੇ ਵੱਡੇ ਕਾਰੋਬਾਰੀ ਰਹਿ ਚੁੱਕੇ ਹਾਂ। ਪਾਕਿਸਤਾਨ ਕੋਲ ਗੌਰੀ ਨਾਂ ਦੀ ਮਿਸਾਈਲ ਹੈ ਜਿਸ ਨਾਲ ਉਹ 1300 ਤੋਂ 1500 ਕਿਲੋਮੀਟਰ ਤੱਕ ਹਮਲਾ ਕਰ ਸਕਦੀ ਹੈ। ਇਸ ਦੀ ਹਦ 'ਚ ਜੈਪੁਰ, ਅਹਿਮਦਾਬਾਦ, ਮੁੰਬਈ, ਪੁਣਾ, ਨਾਗਪੁਰ, ਭੋਪਾਲ ਤੇ ਲਖਨਊ ਆਉਂਦਾ ਹੈ। ਮਤਲਬ ਲੜਾਈ ਦੇ ਹਾਲਾਤ 'ਚ ਪਾਕਿਸਤਾਨ ਭਾਰਤ ਦੇ ਵੱਡੇ ਸ਼ਹਿਰਾਂ 'ਤੇ ਹਮਲਾ ਕਰ ਸਕਦਾ ਹੈ।

ਪਾਕਿਸਤਾਨ ਕੋਲ ਸ਼ਾਹੀਨ ਟੂ ਵੀ ਹੈ। ਇਹ 2500 ਕਿਲੋਮੀਟਰ ਤੱਕ ਹਮਲਾ ਕਰ ਸਕਦੀ ਹੈ। ਮਤਲਬ ਕੋਲਕਾਤਾ 'ਤੇ ਹਮਲਾ ਹੋ ਸਕਦਾ ਹੈ। ਗੌਰੀ ਮਿਸਾਇਲ ਨੂੰ ਪਾਕਿਸਤਾਨ ਦੀ ਗੇਮਚੇਂਜਰ ਮੰਨਿਆ ਜਾਂਦਾ ਹੈ। ਗੌਰੀ ਮਿਸਾਇਲ ਪਾਕਿਸਤਾਨ ਦੀ ਪਹਿਲੀ ਬੈਲੇਸਟਿਕ ਮਿਸਾਇਲ ਹੈ। ਇਹ ਪਰਮਾਣੂ ਹਥਿਆਰ ਵੀ ਲਿਜਾ ਸਕਦੀ ਹੈ। ਭਾਰਤ ਨੂੰ ਖਤਰਾ ਇਸ ਲਈ ਵੀ ਵੱਧ ਹੈ ਕਿਉਂਕਿ ਪਰਮਾਣੂ ਹਥਿਆਰਾਂ ਦੇ ਮਾਮਲੇ 'ਚ ਪਾਕਿਸਤਾਨ ਭਾਰਤ ਤੋਂ ਅੱਗੇ ਨਿਕਲ ਚੁੱਕਿਆ ਹੈ। ਅੰਦਾਜ਼ਨ ਪਾਕਿਸਤਾਨ ਦੇ ਕੋਲ ਕਰੀਬ 130-140 ਪਰਮਾਣੂ ਹਥਿਆਰ ਹਨ ਜਦਕਿ ਭਾਰਤ ਦੇ ਕੋਲ 110-120 ਹਥਿਆਰ ਹਨ।

ਸਵਾਲ ਇਹ ਹੈ ਕਿ ਭਾਰਤ ਤੋਂ ਜ਼ਿਆਦਾ ਬੰਬ ਬਨਾਉਣ ਦੀ ਜ਼ਰੂਰਤ ਕੀ ਹੈ। ਕੀ ਪਾਕਿਸਤਾਨ ਇਹ ਬੰਬ ਉੱਤਰੀ ਕੋਰੀਆ ਲਈ ਬਣਾ ਰਿਹਾ ਹੈ। ਗਾਰਡੀਅਨ ਦੀ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ 2016 'ਚ ਉੱਤਰੀ ਕੋਰੀਆ ਨੇ ਜਿਹੜੇ ਧਮਾਕੇ ਕੀਤੇ ਸਨ, ਉਹ ਬੰਬ ਪਾਕਿਸਤਾਨ 'ਚ ਬਣੇ ਸਨ। ਇਸ ਨਾਲ ਦੋਵਾਂ ਦੀ ਦੋਸਤੀ ਭਾਰਤ ਲਈ ਖਤਰਾ ਬਣ ਸਕਦੀ ਹੈ।