ਮਹਿਤਾਬ-ਉਦ-ਦੀਨ



ਚੰਡੀਗੜ੍ਹ: ਮਿਆਂਮਾਰ ’ਚ ਸਿਆਸੀ ਅਸਥਿਰਤਾ ਤੇ ਉਸ ਤੋਂ ਬਾਅਦ ਫ਼ੌਜੀ ਰਾਜ ਪਲਟੇ ਕਾਰਨ ਉੱਥੋਂ ਦੇ ਕੁਝ ਪੁਲਿਸ ਅਧਿਕਾਰੀ ਤੇ ਆਮ ਨਾਗਰਿਕ ਕੌਮਾਂਤਰੀ ਸਰਹੱਦ ਪਾਰ ਕਰ ਕੇ ਭਾਰਤ ਦੀ ਧਰਤੀ ’ਤੇ ਆ ਗਏ ਹਨ। ਇਸ ਵੇਲੇ ਉਹ ਮਿਜ਼ੋਰਮ ’ਚ ਠਹਿਰੇ ਹੋਏ ਹਨ। ਮਿਜ਼ੋਰਮ ਦੇ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਜੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸ਼ਰਨਾਰਥੀਆਂ ਵਜੋਂ ਪਨਾਹ ਦਿੱਤੀ, ਤਾਂ ਉਨ੍ਹਾਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ, ਨਹੀਂ ਤਾਂ ਉਨ੍ਹਾਂ ਨੂੰ ਮਿਆਂਮਾਰ ਵਾਪਸ ਭੇਜ ਦਿੱਤਾ ਜਾਵੇਗਾ।

 
ਮਿਜ਼ੋਰਮ ਦੇ ਸਰਛਿਪ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਅਭਿਸ਼ੇਕ ਨੇ ਦੱਸਿਆ ਕਿ ਹਾਲੇ ਉਹ ਇਹ ਪੱਕੀ ਤਰ੍ਹਾਂ ਨਹੀਂ ਆਖ ਸਕਦੇ ਕਿ ਜਿਹੜੇ ਤਿੰਨ ਵਿਅਕਤੀ ਖ਼ੁਦ ਨੂੰ ਮਿਆਂਮਾਰ ਦੇ ਪੁਲਿਸ ਅਧਿਕਾਰੀ ਆਖ ਰਹੇ ਹਨ ਕਿ ਉਹ ਅਸਲ ਵਿੱਚ ਹਨ ਵੀ ਕਿ ਨਹੀਂ। ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਵੇਲੇ ਮਿਆਂਮਾਰ ਦੇ ਇਨ੍ਹਾਂ ਤਿੰਨ ਸ਼ਰਨਾਰਥੀ ਪੁਲਿਸ ਅਧਿਕਾਰੀਆਂ ਤੇ ਉਸ ਦੇਸ਼ ਦੇ ਕੁਝ ਹੋਰ ਆਮ ਨਾਗਰਿਕਾਂ ਨੂੰ ਲੁੰਗਕਾਲ ਪਿੰਡ ਦੇ ਕਮਿਊਨਿਟੀ ਹਾਲ ਵਿੱਚ ਰੱਖਿਆ ਗਿਆ ਹੈ।

 

ਡਿਪਟੀ ਕਮਿਸ਼ਨਰ ਨੇ ਮਿਆਂਮਾਰ ਤੋਂ ਘੁਸਪੈਠ ਕਰ ਕੇ ਭਾਰਤ ਦੀ ਧਰਤੀ ’ਤੇ ਪੁੱਜੇ ਵਿਅਕਤੀਆਂ ਦੀ ਪੂਰੀ ਗਿਣਤੀ ਨਹੀਂ ਦੱਸੀ। ਆਈਏਐੱਨਐੱਸ ਅਤੇ ਪੀਟੀਆਈ ਦੀਆਂ ਰਿਪੋਰਟਾਂ ਅਨੁਸਾਰ ਜਦੋਂ ਚੰਫਾਈ ਅਤੇ ਸਰਛਿਪ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ ਦੇ ਆਮ ਲੋਕਾਂ ਨਾਲ ਇਸ ਬਾਰੇ ਗੱਲ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਘੱਟੋ-ਘੱਟ 20 ਵਿਅਕਤੀ ਇਨ੍ਹਾਂ ਪਿੰਡਾਂ ’ਚ ਮਿਆਂਮਾਰ ਤੋਂ ਆਏ ਹਨ; ਜਿਨ੍ਹਾਂ ਵਿੱਚੋਂ ਕੁਝ ਪੁਲਿਸ ਅਧਿਕਾਰੀ ਹਨ ਤੇ ਉਨ੍ਹਾਂ ਕੋਲ ਹਥਿਆਰ ਨਹੀਂ ਹਨ।

 

ਇਹ ਸ਼ਰਨਾਰਥੀ ਪਹਾੜੀ ਇਲਾਕਿਆਂ ਵਿੱਚ ਕਿਸੇ ਤਰ੍ਹਾਂ ਆਪਣੀ ਫ਼ੌਜੀ ਸਰਕਾਰ ਤੋਂ ਆਪਣੀਆਂ ਜਾਨਾਂ ਬਚਾਉਂਦੇ ਤੇ ਲੁਕਦੇ-ਛਿਪਦੇ ਭਾਰਤ ਪੁੱਜੇ ਹਨ। ਇਹ ਸਾਰੇ ਚਿਨ ਨਸਲੀ ਸਮੂਹ ਨਾਲ ਸਬੰਧਤ ਹਨ; ਇਸ ਸਮੂਹ ਦੇ ਲੋਕਾਂ ਦੀ ਮਿਜ਼ੋਰਮ ਵਿੱਚ ਵੀ ਵੱਡੀ ਆਬਾਦੀ ਹੈ।