ਨਨਾਈਮੋ: ਬੀਸੀ ਐਨਡੀਪੀ ਨੇ ਨਨਾਈਮੋ ਜ਼ਿਮਨੀ ਚੋਣਾਂ ‘ਚ ਬਾਜੀ ਮਾਰੀ ਹੈ। ਪਾਰਟੀ ਨੇ ਇਸ ਜਿੱਤ ਨਾਲ ਹੀ ਸੱਤਾ ‘ਚ ਮਜਬੂਤੀ ਨਾਲ ਬਣੇ ਰਹਿਣ ਲਈ ਜ਼ਰੂਰੀ ਅੰਕੜਾ ਵੀ ਹਾਸਲ ਕਰ ਲਿਆ ਹੈ। ਨਨਾਈਮੋ ਰਾਈਡਿੰਗ ‘ਚ ਐਨਡੀਪੀ ਦੀ ਸ਼ੀਲਾ ਮੈਲਕੌਮਸਨ ਨੂੰ ਵਿਧਾਇਕ ਚੁਣਿਆ ਗਿਆ ਹੈ। ਉਨ੍ਹਾਂ ਨੇ ਕਰੀਬ 49% ਵੋਟ ਹਾਸਲ ਕੀਤੇ।
ਬੀਸੀ ਲਿਬਰਲਜ਼ ਦੇ ਉਮੀਦਵਾਰ ਟੋਨੀ ਹੈਰਿਸ ਦੂਜੇ ਸਥਾਨ 'ਤੇ ਰਹੇ। ਉਨ੍ਹਾਂ ਨੂੰ ਕਰੀਬ 40% ਵੋਟ ਹਾਸਲ ਹੋਏ। ਨਨਾਈਮੋ ‘ਚ ਹੋਈ ਜ਼ਿਮਨੀ ਚੋਣਾਂ ਦਾ ਕਾਰਨ ਵੀ ਖਾਸ ਸੀ। ਚੋਣਾਂ ‘ਚ ਵੋਟਰ ਸੂਬੇ ਦੀ ਨਿਊ ਡੈਮੋਕ੍ਰੇਟਸ ਤੇ ਗ੍ਰੀਨਸ ਦੀ ਗਠਜੋੜ ਵਾਲੀ ਸਰਕਾਰ ਬਾਰੇ ਫੈਸਲਾ ਕਰ ਰਹੇ ਸਨ। ਪਾਰਟੀ ਵਿਧਾਨ ਸਭਾ ‘ਚ ਆਪਣਾ ਬਹੁਮਤ ਬਣਾ ਕੇ ਰੱਖ ਪਾਉਂਦੀ ਹੈ ਜਾਂ ਨਹੀਂ, ਇਸ 'ਤੇ ਸਭ ਦੀਆਂ ਨਜਰਾਂ ਟਿਕੀਆਂ ਹੋਈਆਂ ਸਨ।
16 ਮਹੀਨੇ ਪਹਿਲਾਂ ਨਵੀਂ ਸਰਕਾਰ ਨੇ ਉਸ ਵੇਲੇ ਸੰਕਟ ਨੂੰ ਟਾਲਿਆ ਸੀ, ਜਦੋਂ ਲਿਬਰਲ ਐਮਐਲਏ ਡੈਰਿਲ ਪਲੇਕਸ, ਹਾਊਸ ਦੇ ਸਪੀਕਰ ਬਣ ਗਏ ਸਨ। ਇਸ ਦੇ ਚਲਦੇ ਐਨਡੀਪੀ ਪ੍ਰੀਮੀਅਰ ਜੌਨ ਹਾਰਗਨ ਬਹੁਮਤ ਸਾਬਤ ਕਰਨ ‘ਚ ਕਾਮਯਾਬ ਹੋ ਗਏ ਸਨ ਪਰ ਫੇਰ ਨਨਾਈਮੋ ਦੇ ਨਿਊ ਡੈਮੋਕਰੇਟ ਐਮਐਲਏ ਲਿਓਨਾਰਡ ਕਰੌਗ ਦੇ ਅਸਤੀਫਾ ਦੇਣ ਮਗਰੋਂ ਐਨਡੀਪੀ ਦੀ ਵਿਧਾਨ ਸਭਾ ‘ਚ ਸਥਿਤੀ ਨੂੰ ਥੋੜਾ ਝਟਕਾ ਲੱਗਿਆ ਸੀ।
ਨਨਾਈਮੋ ‘ਚ ਐਨਡੀਪੀ ਦੀ ਸਥਿਤੀ ਮਜਬੂਤ ਮੰਨੀ ਜਾਂਦੀ ਰਹੀ ਹੈ ਪਰ ਬੀਸੀ ਐਨਡੀਪੀ ਚੋਣਾਂ ‘ਚ ਬਾਜੀ ਮਾਰਨ ਵਿਚ ਕਾਮਯਾਬ ਰਹੀ।