ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਜੇ ਵੀ ਆਪਣੇ ਬਿਆਨ 'ਤੇ ਡਟੇ ਹਨ। ਕੱਲ੍ਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਦੀ ਪ੍ਰਧਾਨਗੀ 'ਚ ਨੈਸ਼ਨਲ ਸੁਰੱਖਿਆ ਕਮੇਟੀ ਦੀ ਉੱਚ ਪੱਧਰੀ ਬੈਠਕ 'ਚ ਸ਼ਰੀਫ ਦੇ ਬਿਆਨ ਨੂੰ ਬੇਬੁਨਿਆਦ ਦੱਸਿਆ ਗਿਆ ਸੀ। ਸ਼ਰੀਫ ਨੇ 2008 'ਚ ਮੁੰਬਈ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ। ਐਨਐਸਸੀ ਦੀ ਬੈਠਕ ਵਿੱਚ ਸ਼ਰੀਫ ਦੇ ਬਿਆਨ ਨੂੰ ਗਲਤ ਤੇ ਗੁੰਮਰਾਹ ਕਰਨ ਵਾਲਾ ਦੱਸਦਿਆਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਸੀ।
ਦੂਜੇ ਪਾਸੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਜੇ ਵੀ ਆਪਣੇ ਬਿਆਨ 'ਤੇ ਡਟੇ ਖੜ੍ਹੇ ਹਨ। ਸ਼ਰੀਫ ਨੇ ਕਿਹਾ ਕਿ ਉਨ੍ਹਾਂ ਆਪਣੇ ਇੰਟਰਵਿਊ 'ਚ ਕੋਈ ਵੀ ਗਲਤ ਗੱਲ ਨਹੀਂ ਕਹੀ। ਉਨ੍ਹਾਂ ਕਿਹਾ ਕਿ ਸੱਚ ਬੋਲਣਾ ਮੇਰਾ ਅਧਿਕਾਰ ਹੈ।
ਉੱਧਰ ਪਾਕਿਸਤਾਨ ਦੀ ਅਦਾਲਤ 'ਚ ਸ਼ਰੀਫ ਵੱਲੋਂ ਮੁੰਬਈ ਹਮਲੇ ਸਬੰਧੀ ਦਿੱਤੇ ਵਿਵਾਦਤ ਬਿਆਨ ਖਿਲਾਫ ਸ਼ਰੀਫ 'ਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰਨ ਲਈ ਅਰਜ਼ੀ ਦਿੱਤੀ ਗਈ ਹੈ। ਇਸ 'ਚ ਨਵਾਜ਼ ਸ਼ਰੀਫ ਦੇ ਬਿਆਨ ਨੂੰ ਦੇਸ਼ ਦੀ ਸੁਰੱਖਿਆ ਤੇ ਸਰਕਾਰੀ ਸੰਸਥਾਵਾਂ ਦਾ ਵਿਰੋਧੀ ਦੱਸਿਆ ਗਿਆ ਹੈ।