ਜਾਪਾਨ ਵਿੱਚ ਇਕੱਲੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਜਾਪਾਨ ਪੁਲਿਸ ਨੇ ਦੇਸ਼ ਵਿੱਚ ਮੌਜੂਦਾ ਸਾਲ ਦੀ ਪਹਿਲੀ ਛਿਮਾਹੀ ਯਾਨੀ 2024 ਦੌਰਾਨ ਹੋਈਆਂ ਮੌਤਾਂ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਾਪਾਨ 'ਚ 6 ਮਹੀਨਿਆਂ 'ਚ ਕਰੀਬ 40 ਹਜ਼ਾਰ ਲੋਕ ਆਪਣੇ ਘਰਾਂ 'ਚ ਇਕੱਲੇ ਹੀ ਮਰ ਗਏ। 


ਨੈਸ਼ਨਲ ਪੁਲਿਸ ਏਜੰਸੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਚਾਰ ਹਜ਼ਾਰ ਦੇ ਕਰੀਬ ਅਜਿਹੇ ਲੋਕ ਸਨ ਜਿਨ੍ਹਾਂ ਦੀ ਮੌਤ ਦੇ ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਇੱਕ ਸਾਲ ਤੱਕ 130 ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਅਪਾਰਟਮੈਂਟਾਂ ਅਤੇ ਘਰਾਂ ਵਿੱਚ ਸੜਦੀਆਂ ਰਹੀਆਂ। ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੀ ਮੌਤ ਦੇ ਇੱਕ ਸਾਲ ਬਾਅਦ ਮਿਲੀਆਂ ਸਨ।


ਬੀਬੀਸੀ ਦੀ ਰਿਪੋਰਟ ਅਨੁਸਾਰ, ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ, ਜਾਪਾਨ ਵਿੱਚ ਇਸ ਸਮੇਂ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਸਭ ਤੋਂ ਵੱਧ ਬਜ਼ੁਰਗ ਆਬਾਦੀ ਹੈ। ਅਜਿਹੇ 'ਚ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਤਾਜ਼ਾ ਰਿਪੋਰਟ ਤੋਂ ਬਾਅਦ, ਜਾਪਾਨ ਪੁਲਿਸ ਨੂੰ ਉਮੀਦ ਹੈ ਕਿ ਇਸ ਨਾਲ ਦੇਸ਼ ਦੀ ਵੱਡੀ ਗਿਣਤੀ ਬਜ਼ੁਰਗ ਆਬਾਦੀ ਦੇ ਇਕੱਲੇ ਰਹਿਣ ਅਤੇ ਮਰਨ ਦੇ ਮੁੱਦੇ 'ਤੇ ਹੋਰ ਜਾਣਕਾਰੀ ਮਿਲੇਗੀ।


ਨੈਸ਼ਨਲ ਪੁਲਿਸ ਏਜੰਸੀ ਦੇ 2024 ਦੇ ਪਹਿਲੇ ਅੱਧ ਦੇ ਅੰਕੜੇ ਦਰਸਾਉਂਦੇ ਹਨ ਕਿ ਘਰ ਵਿੱਚ ਇਕੱਲੇ ਰਹਿ ਰਹੇ ਕੁੱਲ 37,227 ਲੋਕ ਮਰੇ ਹੋਏ ਪਾਏ ਗਏ ਸਨ। ਇਨ੍ਹਾਂ ਵਿੱਚੋਂ 70 ਫੀਸਦੀ ਲੋਕ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ। ਮਰਨ ਵਾਲਿਆਂ ਵਿਚੋਂ 40 ਫੀਸਦੀ ਲੋਕਾਂ ਦੀਆਂ ਲਾਸ਼ਾਂ ਇੱਕ ਦਿਨ ਵਿੱਚ ਮਿਲ ਗਈਆਂ ਸਨ। ਜਦੋਂ ਕਿ 3,939 ਲਾਸ਼ਾਂ ਇੱਕ ਮਹੀਨੇ ਤੱਕ ਲਾਪਤਾ ਰਹੀਆਂ ਅਤੇ 130 ਲਾਸ਼ਾਂ ਘੱਟੋ-ਘੱਟ ਇੱਕ ਸਾਲ ਤੱਕ ਲਾਪਤਾ ਰਹੀਆਂ।


ਇਸ ਸਾਲ ਦੀ ਸ਼ੁਰੂਆਤ 'ਚ ਜਾਪਾਨੀ ਨੈਸ਼ਨਲ ਇੰਸਟੀਚਿਊਟ ਆਫ ਪਾਪੂਲੇਸ਼ਨ ਐਂਡ ਸੋਸ਼ਲ ਸਕਿਓਰਿਟੀ ਰਿਸਰਚ ਨੇ ਕਿਹਾ ਸੀ ਕਿ ਸਾਲ 2050 ਤੱਕ ਇਕੱਲੇ ਰਹਿਣ ਵਾਲੇ ਬਜ਼ੁਰਗ ਨਾਗਰਿਕਾਂ (65 ਸਾਲ ਅਤੇ ਇਸ ਤੋਂ ਵੱਧ ਉਮਰ ਦੇ) ਦੀ ਗਿਣਤੀ 10 ਮਿਲੀਅਨ ਤੋਂ ਜ਼ਿਆਦਾ ਹੋ ਜਾਵੇਗੀ। ਇਕੱਲੇ ਰਹਿਣ ਵਾਲੇ ਲੋਕਾਂ ਦੀ ਕੁੱਲ ਗਿਣਤੀ 2.3 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ। ਸਰਕਾਰ ਜਾਪਾਨ ਵਿਚ ਇਕੱਲੇ ਰਹਿਣ ਵਾਲੇ ਲੋਕਾਂ ਨੂੰ ਲੈ ਕੇ ਵੀ ਚਿੰਤਤ ਹੈ।