ਕਾਬੁਲ: ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦਾ ਕਬਜ਼ਾ ਹੁੰਦੇ ਹੀ ਮੁਲਕ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਉੱਥੋਂ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਪਹਿਲਾਂ ਹੀ ਉੱਥੋਂ ਭੱਜ ਨਿੱਕਲੇ ਸਨ। ਤਾਲਿਬਾਨ ਦੇ ਸਭ ਤੋਂ ਤਾਕਤਵਾਰ ਧੜੇ ‘ਹੱਕਾਨੀ ਨੈੱਟਵਰਕ ਦਹਿਸ਼ਤੀ ਗਰੁੱਪ’ ਦੇ ਸਿਖਰਲੇ ਲੀਡਰ ਤੇ ਤਾਲਿਬਾਨੀ ਕਮਾਂਡਰ ਅਨਸ ਹੱਕਾਨੀ ਨੇ ਅੱਜ ਸਾਬਕਾ ਅਫ਼ਗ਼ਾਨ ਸਦਰ ਹਾਮਿਦ ਕਰਜ਼ਈ ਨਾਲ ਮੁਲਾਕਾਤ ਕਰਕੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਹੈ।
ਮੀਟਿੰਗ ਵਿੱਚ ਕਰਜ਼ਈ ਤੋਂ ਇਲਾਵਾ ਅਮਨ ਕੌਂਸਲ ਦੇ ਚੀਫ਼ ਅਬਦੁੱਲਾ ਅਬਦੁੱਲਾ ਵੀ ਮੌਜੂਦ ਸਨ। ਤਾਲਿਬਾਨ ਦੇ ਸਿਖਰਲੇ ਲੀਡਰਾਂ ਨੇ ਬੀਤੇ ਦਿਨ ਦਾਅਵਾ ਕੀਤਾ ਸੀ ਕਿ ਨਵੀਂ ਅਫ਼ਗਾਨ ਸਰਕਾਰ ਵਿੱਚ ਸਾਰੀਆਂ ਧਿਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਇਹੀ ਵਜ੍ਹਾ ਹੈ ਕਿ ਤਾਲਿਬਾਨ ਨੇ ਸਰਕਾਰ ਦੇ ਗਠਨ ਲਈ ਗੈਰ-ਤਾਲਿਬਾਨੀ ਲੀਡਰਾਂ ਨਾਲ ਸੰਵਾਦ ਦਾ ਸਿਲਸਿਲਾ ਸ਼ੁਰੂ ਕੀਤਾ ਹੈ।
ਇੱਥੇ ਦੱਸ ਦਈਏ ਕਿ ਅਮਰੀਕਾ ਨੇ ਸਾਲ 2012 ਵਿੱਚ ਹੱਕਾਨੀ ਨੈੱਟਵਰਕ ਨੂੰ ਦਹਿਸ਼ਤੀ ਸਮੂਹ ਐਲਾਨ ਦਿੱਤਾ ਸੀ। ਇਸ ਜਥੇਬੰਦੀ ਦੇ ਨਵੀਂ ਸਰਕਾਰ ਦਾ ਹਿੱਸਾ ਬਣਨ ਨਾਲ ਭਵਿੱਖ ਚ ਬਣਨ ਵਾਲੀ ਸਰਕਾਰ ’ਤੇ ਕੌਮਾਂਤਰੀ ਪਾਬੰਦੀਆਂ ਲੱਗਣ ਦੇ ਆਸਾਰ ਬਣ ਸਕਦੇ ਹਨ। ਮੀਟਿੰਗ ਬਾਰੇ ਹੋਰ ਵੇਰਵੇ ਨਹੀਂ ਮਿਲ ਸਕੇ।
ਹੱਕਾਨੀ ਨੈੱਟਵਰਕ ਤਾਲਿਬਾਨ ਦੇ ਅਹਿਮ ਧੜਿਆਂ ’ਚੋਂ ਇਕ ਹੈ, ਜਿਸ ਨੇ ਐਤਵਾਰ ਨੂੰ ਰਾਜਧਾਨੀ ਕਾਬੁਲ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਹੱਕਾਨੀ ਨੈੱਟਵਰਕ ਦਾ ਬੇਸ ਮੁਲਕ ਦੀ ਪਾਕਿਸਤਾਨ ਨਾਲ ਲਗਦੀ ਸਰਹੱਦ ਹੈ ਤੇ ਪਿਛਲੇ ਕੁਝ ਸਾਲਾਂ ਵਿਚ ਅਫ਼ਗ਼ਾਨਿਸਤਾਨ ’ਚ ਹੋਏ ਸਭ ਤੋਂ ਘਾਤਕ ਦਹਿਸ਼ਤੀ ਹਮਲਿਆਂ ਪਿੱਛੇ ਇਸੇ ਦਾ ਹੱਥ ਹੈ।
ਤਿੰਨ ਦਹਾਕੇ ਪਹਿਲਾਂ ਤਾਲਿਬਾਨ ਸਰਕਾਰ ਵਿੱਚ ਸਿੱਖਿਆ ਮੰਤਰੀ ਰਹੇ ਆਮਿਰ ਖ਼ਾਨ ਮੁੱਤਾਕੀ ਨੇ ਅਫ਼ਗ਼ਾਨ ਸਦਰ ਅਸ਼ਰਫ਼ ਗਨੀ ਦੇ ਮੁਲਕ ਛੱਡ ਕੇ ਭੱਜਣ ਤੋਂ ਪਹਿਲਾਂ ਹੀ ਮੁਲਕ ਦੇ ਗੈਰ-ਤਾਲਿਬਾਨੀ ਲੀਡਰਾਂ ਨਾਲ ਰਾਬਤਾ ਸ਼ੁਰੂ ਕਰ ਦਿੱਤਾ ਸੀ। ਉਧਰ ਅਜਿਹੇ ਚ ਅਮਰਉੱਲਾਹ ਸਾਲੇਹ ਨੇ ਖੁਦ ਨੂੰ ਅਫਗਾਨਿਸਤਾਨ ਦਾ ਕਾਰਜਕਾਰੀ ਰਾਸ਼ਟਰਪਤੀ ਐਲਾਨ ਦਿੱਤਾ ਹੈ ਤੇ ਤਾਲਿਬਾਨ ਖਿਲਾਫ ਆਖਰੀ ਦਮ ਤਕ ਲੜਨ ਦੀ ਗੱਲ ਆਖੀ ਹੈ।
ਉਨ੍ਹਾਂ ਟਵੀਟ ਕਰਕੇ ਕਿਹਾ ਸੀ ਕਿ, 'ਮੈਂ ਮੁਲਖ਼ ਦੇ ਅੰਦਰ ਹਾਂ ਤੇ ਕਾਨੂੰਨੀ ਤੌਰ 'ਤੇ ਮੈਂ ਹੀ ਅਹੁਦੇ ਦਾ ਦਾਅਵੇਦਾਰ ਹਾਂ।' ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦਾ ਸੰਵਿਧਾਨ ਉਨ੍ਹਾਂ ਨੂੰ ਇਸ ਦਾ ਐਲਾਨ ਕਰਨ ਦੀ ਸ਼ਕਤੀ ਦਿੰਦਾ ਹੈ। ਉਨਾਂ ਲਿਖਿਆ ਕਿ ਉਹ ਸਾਰੇ ਲੀਡਰਾਂ ਨਾਲ ਸੰਪਰਕ ਕਾਇਮ ਕਰ ਰਹੇ ਹਨ ਤਾਂ ਕਿ ਉਨ੍ਹਾਂ ਦਾ ਸਮਰਥਨ ਹਾਸਲ ਕੀਤਾ ਜਾ ਸਕੇ ਤੇ ਸਹਿਮਤੀ ਬਣਾਈ ਜਾ ਸਕੇ। ਸਾਲੇਹ ਗਨੀ ਸਰਕਾਰ 'ਚ ਉਪ ਰਾਸ਼ਟਰਪਤੀ ਸਨ।