Afghanistan News: ਅਫਗਾਨਿਸਤਾਨ 'ਚ ਕੱਟੜਪੰਥੀ ਸੰਗਠਨ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਅਫਗਾਨਿਸਤਾਨ ਛੱਡ ਕੇ ਭੱਜੇ ਰਾਸ਼ਟਰਪਤੀ ਅਸ਼ਰਫ ਗਨੀ ਆਪਣੇ ਪਰਿਵਾਰ ਨਾਲ ਆਬੂ ਧਾਬੀ 'ਚ ਹਨ। ਸੰਯੁਕਤ ਅਰਬ ਅਮੀਰਾਤ (UAE) ਦੇ ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮਨੁੱਖਤਾ ਦੇ ਆਧਾਰ 'ਤੇ ਯੂਏਈ ਰਾਸ਼ਟਰਪਤੀ ਗਨੀ ਤੇ ਉਨ੍ਹਾਂ ਦੇ ਪਰਿਵਾਰ ਦਾ ਸੁਆਗਤ ਕਰਦਾ ਹੈ। ਹਾਲਾਂਕਿ ਉਹ ਉੱਥੇ ਕਿਸ ਥਾਂ 'ਤੇ ਹਨ, ਇਸ ਬਾਰੇ ਕੁਝ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਸੰਯੁਕਤ ਅਰਬ ਅਮੀਰਾਤ ਨੇ ਕਿਹਾ ਕਿ ਉਸ ਨੇ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਮਨੁੱਖੀ ਆਧਾਰ 'ਤੇ ਸਵੀਕਾਰ ਲਿਆ ਹੈ।
ਤਾਲਿਬਾਨ ਦੇ ਕਾਬੁਲ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਗਨੀ ਦੇਸ਼ ਛੱਡ ਕੇ ਚਲੇ ਗਏ ਸਨ। ਯੂਏਈ ਦੀ ਸਰਕਾਰੀ ਖ਼ਬਰ ਏਜੰਸੀ WAS ਨੇ ਬੁੱਧਵਾਰ ਆਪਣੀ ਇਕ ਖ਼ਬਰ 'ਚ ਇਹ ਜਾਣਕਾਰੀ ਦਿੱਤੀ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਗਨੀ ਦੇਸ਼ 'ਚ ਕਿੱਥੇ ਹੈ। ਇਸ 'ਚ ਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਇਸ ਲਾਈਨ ਵਾਲੇ ਬਿਆਨ ਨੂੰ ਸ਼ਾਮਿਲ ਕੀਤਾ ਹੈ।
ਵਿਰੋਧੀਆਂ ਖਿਲਾਫ ਤਾਲਿਬਾਨ ਦੀ ਗੋਲ਼ੀਬਾਰੀ 'ਚ ਤਿੰਨ ਵਿਅਕਤੀਆਂ ਦੀ ਮੌਤ
ਪੂਰਬੀ ਸ਼ਹਿਰ ਜਲਾਲਾਬਾਦ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਤਾਲਿਬਾਨ ਦੀ ਹਿੰਸਕ ਕਾਰਵਾਈ 'ਚ ਕਰੀਬ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਛੇ ਹੋਰ ਜ਼ਖ਼ਮੀ ਹਨ। ਅਫਗਾਨਿਸਤਾਨ ਦੇ ਸਿਹਤ ਅਧਿਕਾਰੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ।
ਦਰਜਨਾਂ ਲੋਕਾਂ ਨੇ ਬੁੱਧਵਾਰ ਅਫਗਾਨਿਸਤਾਨ ਦੇ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਰਾਸ਼ਟਰੀ ਝੰਡਾ ਲਹਿਰਾਇਆ ਤੇ ਤਾਲਿਬਾਨ ਦਾ ਝੰਡਾ ਉਤਾਰ ਦਿੱਤਾ। ਇਸ ਤੋਂ ਬਾਅਦ ਤਾਲਿਬਾਨ ਨੇ ਗੋਲ਼ੀਆਂ ਚਲਾਈਆਂ ਤੇ ਮਾਰਕੁੱਟ ਕੀਤੀ। ਸਿਹਤ ਅਧਿਕਾਰੀ ਨੇ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ। ਕਿਉਂਕਿ ਉਨ੍ਹਾਂ ਨੂੰ ਮੀਡੀਆ ਨਾਲ ਗੱਲ ਕਰਨ ਦੀ ਮਨਜੂਰੀ ਨਹੀਂ ਹੈ।