ਵੈਲਿੰਗਟਨ: ਨਿਊਜ਼ੀਲੈਂਡ ਨੇ ਦੇਸ਼ ਦੇ ਭਵਿੱਖ ਨੂੰ ਸਿਗਰਟਨੋਸ਼ੀ ਦੀ ਆਦਤ ਤੋਂ ਬਚਾਉਣ ਲਈ ਅਨੋਖੀ ਯੋਜਨਾ ਤਿਆਰ ਕੀਤੀ ਹੈ। ਸਰਕਾਰ 14 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਨੌਜਵਾਨਾਂ ਵੱਲੋਂ ਸਿਗਰਟ ਖਰੀਦਣ 'ਤੇ ਉਮਰ ਭਰ ਪਾਬੰਦੀ ਲਾਉਣ ਲਈ ਕਾਨੂੰਨ ਲਿਆਉਣ ਜਾ ਰਹੀ ਹੈ। ਇਹ ਕਾਨੂੰਨ ਅਗਲੇ ਸਾਲ ਤਕ ਲਾਗੂ ਹੋ ਸਕਦਾ ਹੈ। ਕਾਨੂੰਨ ਤਹਿਤ ਸਿਗਰਟ ਖਰੀਦਣ ਦੀ ਘੱਟੋ-ਘੱਟ ਉਮਰ ਵੀ ਸਾਲ ਦਰ ਸਾਲ ਵਧਦੀ ਰਹੇਗੀ।


ਜਾਣੋ ਕੀ ਹੋਵੇਗਾ ਕਾਨੂੰਨ ਲਾਗੂ ਹੋਣ ਤੋਂ ਬਾਅਦ?


ਸਰਕਾਰ ਦਾ ਤਰਕ ਹੈ ਕਿ ਕਾਨੂੰਨ ਦੇ ਲਾਗੂ ਹੋਣ ਦੇ 65 ਸਾਲ ਬਾਅਦ ਦੁਕਾਨਦਾਰ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਸਿਗਰਟ ਵੇਚ ਸਕਣਗੇ। ਸਰਕਾਰ ਨੇ 2025 ਤਕ ਦੇਸ਼ 'ਚ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਨੂੰ 5 ਫ਼ੀਸਦੀ ਤੱਕ ਘਟਾਉਣ ਦਾ ਵੀ ਟੀਚਾ ਰੱਖਿਆ ਹੈ।


ਸਰਕਾਰ ਨੇ ਕਿਹਾ ਕਿ ਸਿਗਰਟਨੋਸ਼ੀ ਨੂੰ ਘਟਾਉਣ ਦੇ ਹੋਰ ਯਤਨਾਂ 'ਚ ਬਹੁਤ ਸਮਾਂ ਲੱਗ ਰਿਹਾ ਹੈ। ਸਰਕਾਰ ਦਾ ਟੀਚਾ ਹੈ ਕਿ ਵੇਚੇ ਜਾਣ ਵਾਲੇ ਸਾਰੇ ਉਤਪਾਦਾਂ ਅਤੇ ਤੰਬਾਕੂ 'ਚ ਨਿਕੋਟੀਨ ਦੇ ਪੱਧਰ ਨੂੰ ਘਟਾਇਆ ਜਾਵੇ। ਦੇਸ਼ 'ਚ ਹਰ ਸਾਲ 5000 ਲੋਕਾਂ ਦੀ ਸਿਗਰਟਨੋਸ਼ੀ ਕਾਰਨ ਮੌਤ ਹੋ ਜਾਂਦੀ ਹੈ।


ਨੌਜਵਾਨਾਂ ਨੂੰ ਤੰਬਾਕੂ ਉਤਪਾਦ ਵੇਚਣਾ ਹੋਵੇਗਾ ਅਪਰਾਧ


ਨਿਊਜ਼ੀਲੈਂਡ ਦੀ ਐਸੋਸੀਏਟ ਸਿਹਤ ਮੰਤਰੀ (Associate Minister of Health) ਆਇਸ਼ਾ ਵੇਰਾਲ (Ayesha Verrall) ਨੇ ਇਕ ਬਿਆਨ 'ਚ ਕਿਹਾ, "ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਨੌਜਵਾਨ ਕਦੇ ਵੀ ਸਿਗਰਟਨੋਸ਼ੀ ਨਾ ਕਰਨ। ਇਸ ਲਈ ਅਸੀਂ ਨੌਜਵਾਨਾਂ ਦੇ ਨਵੇਂ ਗਰੁੱਪਾਂ ਨੂੰ ਤੰਬਾਕੂ ਉਤਪਾਦ ਵੇਚਣਾ ਜਾਂ ਸਪਲਾਈ ਕਰਨਾ ਅਪਰਾਧ ਬਣਾ ਦੇਵਾਂਗੇ। ਇੱਥੋਂ ਦੀ ਸਰਕਾਰ ਮੁਤਾਬਕ ਪਿਛਲੇ ਇਕ ਦਹਾਕੇ 'ਚ ਸਿਗਰਟਨੋਸ਼ੀ ਦੀ ਦਰ 'ਚ ਕਮੀ ਆਈ ਹੈ। ਮੌਜੂਦਾ ਸਮੇਂ 'ਚ ਨਿਊਜ਼ੀਲੈਂਡ '18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤੰਬਾਕੂ ਦੀ ਵਿਕਰੀ 'ਤੇ ਪਾਬੰਦੀ ਹੈ।


ਜੇਕਰ ਕੁਝ ਵੀ ਨਹੀਂ ਬਦਲਦਾ ਤਾਂ ਤਮਾਕੂਨੋਸ਼ੀ ਦੀ ਦਰ 5 ਫ਼ੀਸਦੀ ਤੋਂ ਹੇਠਾਂ ਆਉਣ ਤਕ ਦਹਾਕੇ ਲੱਗ ਜਾਣਗੇ। ਸਰਕਾਰੀ ਅੰਕੜਿਆਂ ਅਨੁਸਾਰ ਨਿਊਜ਼ੀਲੈਂਡ '15 ਸਾਲ ਤੋਂ ਵੱਧ ਉਮਰ ਦੇ 11.6 ਫ਼ੀਸਦੀ ਲੋਕ ਸਿਗਰਟ ਪੀਂਦੇ ਹਨ। 2022 ਦੇ ਅੰਤ ਤਕ ਇਸ ਨੂੰ ਕਾਨੂੰਨ ਬਣਾਉਣ ਦੇ ਉਦੇਸ਼ ਨਾਲ ਸਰਕਾਰ ਅਗਲੇ ਸਾਲ ਜੂਨ 'ਚ ਸੰਸਦ 'ਚ ਕਾਨੂੰਨ ਬਣਾਏਗੀ।



ਇਹ ਵੀ ਪੜ੍ਹੋ: ਧੀਆਂ ਨਹੀਂ ਮਾਪਿਆਂ 'ਤੇ ਬੋਝ! ਵਿਆਹ ਦੇ ਖਰਚੇ ਲਈ ਉਠਾਓ ਸਕੀਮ ਦਾ ਫਾਇਦਾ, 151 ਰੁਪਏ ਲਾ ਕੇ ਪਾਓ 31 ਲੱਖ ਰੁਪਏ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904