ਬਰਲਿਨ : ਸ਼ਰਨ ਲੈਣ ਲਈ ਜਰਮਨੀ ਆਏ ਲੋਕਾਂ ਵਿੱਚੋਂ ਜਿਨ੍ਹਾਂ ਦੇ ਕੇਸ ਰਿਜੈਕਟ ਕਰ ਦਿੱਤੇ ਗਏ, ਉਨ੍ਹਾਂ ਵਾਸਤੇ ਸਰਕਾਰ ਨੇ ਵਧੀਆ ਪੇਸ਼ਕਸ਼ ਰੱਖੀ ਹੈ। ਅਜਿਹੇ ਲੋਕਾਂ ਨੂੰ ਜਰਮਨੀ ਦੀ ਸਰਕਾਰ ਵੱਲੋਂ ਇਹ ਪੇਸ਼ਕਸ਼ ਕੀਤੀ ਜਾ ਰਹੀ ਹੈ ਕਿ ਜੇ ਉਹ ਆਪਣੀ ਇੱਛਾ ਨਾਲ ਆਪਣੇ ਦੇਸ਼ਾਂ ਨੂੰ ਪਰਤਣਾਂ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 3000 ਯੂਰੋਜ਼ ਭਾਵ 4,527 ਡਾਲਰ ਦਿੱਤੇ ਜਾਣਗੇ।
ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਇਸ ਲਈ ਕੁਆਲੀਫਾਈ ਕਰਨ ਵਾਲੇ ਲੋਕ 28 ਫਰਵਰੀ ਤੱਕ ਅਪਲਾਈ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਘਰ ਪਰਤਣ ਉੱਤੇ ਇਹ ਰਕਮ ਮਿਲ ਜਾਵੇਗੀ। ਜਿਹੜੇ ਮਾਈਗ੍ਰੈਂਟਸ ਆਪਣੀ ਪਨਾਹ ਲੈਣ ਸਬੰਧੀ ਅਰਜ਼ੀ ਰੱਦ ਹੋਣ ਤੋਂ ਪਹਿਲਾਂ ਹੀ ਵਾਪਿਸ ਜਾਣ ਲਈ ਰਾਜ਼ੀ ਹੋ ਗਏ ਉਨ੍ਹਾਂ ਨੂੰ ਇੱਕ ਸਾਲ ਲਈ ਵੱਖ ਵੱਖ ਪ੍ਰੋਗਰਾਮਾਂ ਤਹਿਤ ਪ੍ਰਤੀ ਬਾਲਗ ਵਿਅਕਤੀ 1200 ਯੂਰੋਜ਼ ਤੇ ਪ੍ਰਤੀ ਬੱਚੇ ਤੇ ਹਿਸਾਬ ਨਾਲ 600 ਯੂਰੋਜ਼ ਦੇਣ ਦੀ ਸਰਕਾਰ ਵੱਲੋਂ ਪੇਸ਼ਕਸ਼ ਕੀਤੀ ਗਈ।
ਹੁਣ ਉਹ ਦੋਵਾਂ ਪ੍ਰੋਗਰਾਮਾਂ ਲਈ ਅਪਲਾਈ ਕਰਨ ਦੇ ਯੋਗ ਹੋ ਗਏ ਹਨ ਪਰ ਸਥਾਨਕ ਬਾਈਲਡ ਐਮ ਸੌਨਟੈਗ ਅਖਬਾਰ ਵੱਲੋਂ ਐਤਵਾਰ ਨੂੰ ਦਿੱਤੀ ਰਿਪੋਰਟ ਅਨੁਸਾਰ 8,639 ਮਾਈਗ੍ਰੈਂਟਸ ਨੇ ਫਰਵਰੀ ਤੇ ਅਕਤੂਬਰ ਦਰਮਿਆਨ ਰਿਟਰਨੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਹਾਲਾਂਕਿ ਜਰਮਨੀ ਵਿੱਚ 115,000 ਅਜਿਹੇ ਪਨਾਹ ਦੇ ਚਾਹਵਾਨ ਹਨ ਜਿਨ੍ਹਾਂ ਦੀਆਂ ਅਰਜ਼ੀਆਂ ਰੱਦ ਹੋ ਚੁੱਕੀਆਂ ਹਨ ਪਰ ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਮਾਨਵੀ ਅਧਿਕਾਰਾਂ ਕਾਰਨ ਡੀਪੋਰਟ ਵੀ ਨਹੀਂ ਕੀਤਾ ਜਾ ਸਕਦਾ।