ਟੋਕੀਓ- ਜਾਪਾਨ ਸਰਕਾਰ ਨੇ ਸੱਤਰ ਸਾਲ ਦੀ ਉਮਰ ਪਿੱਛੋਂ ਪੈਨਸ਼ਨ ਲੈਣ ਦੇ ਬਦਲ ਨੂੰ ਚੁਣਨ ਦੀ ਇਜਾਜ਼ਤ ਕਾਮਿਆਂ ਨੂੰ ਦੇ ਦਿੱਤੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਲੋਕ ਸੱਤਰ ਸਾਲ ਦੀ ਉਮਰ ਤੱਕ ਰੋਜ਼ਾਨਾ ਸੇਵਾ ‘ਚ ਰਹਿ ਸਕਦੇ ਹਨ ਅਤੇ ਉਸ ਪਿੱਛੋਂ ਸੇਵਾਮੁਕਤ ਹੋ ਕੇ ਪੈਨਸ਼ਨ ਲੈ ਸਕਦੇ ਹਨ।
ਇਹ ਫੈਸਲਾ ਜਾਪਾਨ ਸਰਕਾਰ ਨੇ ਦੇਸ਼ ਵਿੱਚ ਕਾਮਿਆਂ ਦੀ ਭਾਰੀ ਕਮੀ ਨੂੰ ਵੇਖਦੇ ਹੋਏ ਲਿਆ ਹੈ। ਸਰਕਾਰ ਨੇ ਕਿਹਾ ਕਿ ਉਹ ਸੇਵਾਮੁਕਤੀ ਦੀ ਉਮਰ ਨੂੰ 60 ਤੋਂ 65 ਸਾਲ ਕਰਨ ‘ਤੇ ਗੰਭੀਰਤਾ ਸੋਚ ਰਹੀ ਹੈ। ਇਸ ਲਈ ਕਾਨੂੰਨੀ ਬਦਲਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਜੋ ਦੇਸ਼ ਦੇ ਸਾਰੇ 34 ਲੱਖ ਮੁਲਾਜ਼ਮਾਂ ‘ਤੇ ਲਾਗੂ ਹੋਵੇਗਾ। ਸੇਵਾਮੁਕਤੀ ਦੀ ਉਮਰ ਵਧਣ ਦੇ ਬਾਵਜੂਦ ਮੁਲਾਜ਼ਮਾਂ ਦੇ ਕੋਲ ਸੱਤਰ ਸਾਲ ਉਮਰ ਤੱਕ ਕੰਮ ਕਰਨ ਦਾ ਬਦਲ ਰਹੇਗਾ। ਫਿਲਹਾਲ ਇਹ ਬਦਲ ਸੱਠ ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਲਈ ਲਾਗੂ ਹੋ ਗਿਆ ਹੈ। ਜਾਪਾਨ ‘ਚ ਲੋਕ ਸਭ ਤੋਂ ਲੰਬੀ ਉਮਰ ਤੱਕ ਜ਼ਿੰਦਾ ਰਹਿੰਦੇ ਹਨ। ਉਥੇ ਜਨਮ ਦਰ ਵੀ ਤੇਜ਼ੀ ਨਾਲ ਘੱਟ ਰਹੀ ਹੈ। ਇਸ ਲਈ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਅਤੇ ਨੌਜਵਾਨ ਘੱਟ ਹੋ ਰਹੇ ਹਨ।
ਪਿਛਲੇ ਸਾਲ ਜਨਮ ਦਰ ਘੱਟ ਕੇ ਇੱਕ ਸੌ ਸਾਲ ਵਿੱਚ ਸਭ ਤੋਂ ਘੱਟ ‘ਤੇ ਆ ਗਈ ਸੀ। ਚਾਰ ਦਹਾਕਿਆਂ ਵਿੱਚ ਦੇਸ਼ ਦੀ ਆਬਾਦੀ 12.70 ਕਰੋੜ ਤੋਂ ਘੱਟ ਕੇ 8.8 ਕਰੋੜ ਹੋ ਗਈ ਹੈ। ਇਸ ਕਾਰਨ ਜਾਪਾਨ ਵਿੱਚ ਕਾਮਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਇਸ ਦਾ ਅਸਰ ਦੇਸ਼ ਦੀ ਵਿਕਾਸ ਗਤੀ ਅਤੇ ਆਰਥਿਕ ਸਥਿਤ ‘ਤੇ ਪੈ ਸਕਦਾ ਹੈ। ਵੈਸੇ ਬਜ਼ੁਰਗਾਂ ਦੀ ਵਧਦੀ ਆਬਾਦੀ ਅਤੇ ਨੌਜਵਾਨਾਂ ਦੀ ਘੱਟਦੀ ਗਿਣਤੀ ਨਾਲ ਜਰਮਨੀ, ਇਟਲੀ, ਚੀਨ ਅਤੇ ਦੱਖਣੀ ਕੋਰੀਆ ਵਰਗੇ ਵਿਕਸਿਤ ਦੇਸ਼ ਵੀ ਜੂਝ ਰਹੇ ਹਨ।
ਜਾਪਾਨ ‘ਚ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਅਜਿਹੀਆਂ ਯੋਜਨਾਵਾਂ ਲੈ ਕੇ ਆਏ ਹਨ ਜਿਸ ਨਾਲ ਬਜ਼ੁਰਗ ਲੋਕ ਵੀ ਕੰਮ ਕਰ ਸਕਣ ਤੇ ਖੁਦ ਨੂੰ ਸਰਗਰਮ ਰੱਖ ਸਕਣ। ਇਸ ਲਈ ਨਿੱਜੀ ਕੰਪਨੀਆਂ ਦੀ ਸੇਵਾਮੁਕਤੀ ਦੀ ਉਮਰ ‘ਚ ਬਦਲਾਅ ਲਿਆਂਦਾ ਗਿਆ ਹੈ।