Pannun Murder Plot: ਪੰਨੂ ਦਾ ਕਤਲ ਕਰਨ ਦੀ ਸਾਜਿਸ਼ ਦੇ ਮਾਮਲੇ 'ਚ ਅਮਰੀਕਾ ਨੂੰ ਦਿੱਤੀ ਗਈ ਭਾਰਤੀ ਨਾਗਰਿਕ ਦੀ ਹਵਾਲਗੀ
Pannun Murder Plot: ਚੈੱਕ ਗਣਰਾਜ ਨੇ ਅਮਰੀਕਾ ਵਿੱਚ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਨਿਖਿਲ ਗੁਪਤਾ ਦੀ ਹਵਾਲਗੀ ਦੇ ਦਿੱਤੀ ਹੈ।
Pannun Murder Plot: ਚੈੱਕ ਗਣਰਾਜ ਨੇ ਅਮਰੀਕਾ ਵਿੱਚ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਨਿਖਿਲ ਗੁਪਤਾ ਦੀ ਹਵਾਲਗੀ ਦੇ ਦਿੱਤੀ ਹੈ। ਫੈਡਰਲ ਬਿਊਰੋ ਆਫ ਪ੍ਰਿਜ਼ਨਜ਼ ਦੀ ਵੈੱਬਸਾਈਟ ਮੁਤਾਬਕ ਗੁਪਤਾ ਨੂੰ ਅਮਰੀਕਾ ਭੇਜ ਦਿੱਤਾ ਗਿਆ ਹੈ।
ਅਮਰੀਕੀ ਪ੍ਰਸ਼ਾਸਨ ਦੀ ਅਪੀਲ 'ਤੇ ਨਿਖਿਲ ਗੁਪਤਾ ਨੂੰ ਪਿਛਲੇ ਸਾਲ ਜੂਨ 'ਚ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ ਹੈ ਕਿ ਉਹ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ 'ਚ ਸ਼ਾਮਲ ਸੀ। ਨਿਖਿਲ ਗੁਪਤਾ ਨੂੰ ਸੋਮਵਾਰ ਨੂੰ ਨਿਊਯਾਰਕ ਦੀ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਵਰਤਮਾਨ ਵਿੱਚ ਉਸਨੂੰ ਬਰੁਕਲਿਨ ਵਿੱਚ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਗਿਆ ਹੈ।
ਅਮਰੀਕੀ ਸੰਘੀ ਇਸਤਗਾਸਾ ਨੇ ਕਿਹਾ ਸੀ ਕਿ ਗੁਪਤਾ ਨੇ ਪੰਨੂ ਦੇ ਕਤਲ ਲਈ ਭਾਰਤੀ ਅਧਿਕਾਰੀਆਂ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਇਸ ਤੋਂ ਬਾਅਦ ਗੁਪਤਾ ਨੂੰ ਪਰਾਗ 'ਚ ਗ੍ਰਿਫਤਾਰ ਕਰ ਲਿਆ ਗਿਆ। ਨਿਖਿਲ ਗੁਪਤਾ ਨੇ ਚੈੱਕ ਗਣਰਾਜ ਵਿੱਚ ਹਵਾਲਗੀ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਗੁਪਤਾ ਨੇ ਪੰਨੂ ਦੇ ਕਤਲ ਲਈ ਹਿੱਟਮੈਨ ਨੂੰ ਕਿਰਾਏ 'ਤੇ ਲੈਣ ਦੀ ਕੋਸ਼ਿਸ਼ ਕੀਤੀ ਸੀ। ਦੱਸ ਦੇਈਏ ਕਿ ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ।
ਭਾਰਤ ਨੇ ਯੂ.ਏ.ਪੀ.ਏ. ਤਹਿਤ ਉਸ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ 23 ਨਵੰਬਰ 2023 ਨੂੰ ਪਰਾਗ ਦੀ ਹਾਈ ਕੋਰਟ ਨੇ ਨਿਖਿਲ ਗੁਪਤਾ ਦੀ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਸੀ। ਗੁਪਤਾ ਨੇ ਇਸ ਫੈਸਲੇ ਵਿਰੁੱਧ ਸੰਵਿਧਾਨਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ ਇਹ ਪਟੀਸ਼ਨ ਵੀ ਰੱਦ ਕਰ ਦਿੱਤੀ ਗਈ ਸੀ।
ਅਦਾਲਤ ਨੇ ਕਿਹਾ ਕਿ ਇਹ ਫੈਸਲਾ ਅਮਰੀਕਾ ਵੱਲੋਂ ਮੁਹੱਈਆ ਕਰਵਾਏ ਗਏ ਸਬੂਤਾਂ ਅਤੇ ਦਸਤਾਵੇਜ਼ਾਂ ਦੀ ਸਮੀਖਿਆ ਤੋਂ ਬਾਅਦ ਦਿੱਤਾ ਗਿਆ ਹੈ। ਦੋਸ਼ ਹੈ ਕਿ ਗੁਪਤਾ ਨੇ ਹਿੱਟਮੈਨ ਨੂੰ 80 ਲੱਖ ਰੁਪਏ ਨਕਦ ਦੇਣ ਦਾ ਵਾਅਦਾ ਕੀਤਾ ਸੀ। ਦੋਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗੁਪਤਾ ਨੂੰ ਇੱਕ ਭਾਰਤੀ ਅਧਿਕਾਰੀ ਤੋਂ ਨਿਰਦੇਸ਼ ਮਿਲ ਰਹੇ ਸਨ। ਹਾਲਾਂਕਿ ਕਿਸੇ ਅਧਿਕਾਰੀ ਦਾ ਨਾਂ ਨਹੀਂ ਲਿਆ ਗਿਆ।