ਦੁਨੀਆ 'ਚ ਬੇਹੱਦ ਸਨਮਾਨਿਤ ਨੋਬਲ ਪੁਰਸਕਾਰ 'ਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਰੋਕ ਲਾਈ ਗਈ ਹੈ। ਇਸ ਤੋਂ ਪਹਿਲਾਂ 1943 ਚ ਵਿਸ਼ਵ ਯੁੱਧ ਦੀ ਵਜ੍ਹਾ ਨਾਲ ਇਸਤੇ ਰੋਕ ਲਾਈ ਗਈ ਸੀ ਪਰ ਇਸ ਵਾਰ ਨੋਬਲ ਅਕੈਡਮੀ ਨੇ ਸੈਕਸ ਸਕੈਂਡਲ ਵਿਵਾਦ ਦੇ ਚੱਲਦਿਆਂ ਸਾਹਿਤ ਦੇ ਖੇਤਰ 'ਚ ਇਹ ਸਨਮਾਨ ਨਾ ਦੇਣ ਦਾ ਫੈਸਲਾ ਲਿਆ ਹੈ।


 

ਕੀ ਹੈ ਪੂਰਾ ਮਾਮਲਾ?

ਇਹ ਵਿਵਾਦ #MeToo ਕੈਂਪੇਨ ਤੋਂ ਸ਼ੁਰੂ ਹੋਇਆ ਸੀ। ਇਸ ਕੈਂਪੇਨ ਦਾ ਹਿੱਸਾ ਬਣਦਿਆਂ ਸਾਲ 2017 ਦੇ ਨਵੰਬਰ 'ਚ 18 ਮਹਿਲਾਵਾਂ ਨੇ ਸੰਸਥਾ ਦੀ ਮੈਂਬਰ ਕਟਰੀਨਾ ਫ੍ਰੋਸਟੇਨਸਨ ਦੇ ਪਤੀ ਤੇ ਕਲਾ ਜਗਤ ਦੇ ਦਿਗਜ਼ ਜੀਨ ਕਲਾਊਡੇ ਅਰਨਾਲਟ ਤੇ ਜਿਣਸੀ ਸੋਸ਼ਣ ਦਾ ਇਲਜ਼ਾਮ ਲਾਇਆ ਸੀ। ਇਲਜ਼ਾਮ ਸੀ ਕਿ ਅਰਨਾਲਟ ਨੇ ਕਲਾ ਨਾਲ ਬਣੀ ਆਪਣੀ ਪਹੁੰਚ ਦਾ ਇਸਤੇਮਾਲ ਮਹਿਲਾਵਾਂ ਨਾਲ ਯੌਨ ਸੋਸ਼ਣ ਕਰਨ ਲਈ ਕੀਤਾ ਹੈ। ਹਾਲਾਕਿ ਅਰਨਾਲਟ ਨੇ ਇਨ੍ਹਾਂ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ ਪਰ ਇਸ ਨਾਲ ਨੋਬਲ ਅਕੈਡਮੀ 'ਚ ਇੱਕ ਵਿਵਾਦ ਛਿੜ ਗਿਆ ਹੈ।

ਅਕੈਡਮੀ ਨੇ ਅਰਨਾਲਟ ਦੀ ਪਤਨੀ ਕਟਰੀਨਾ ਫ੍ਰੋਸਟੇਨਸਨ ਨੂੰ 18 ਮੈਂਬਰੀ ਕਮੇਟੀ ਤੋਂ ਕੱਢਣ ਲਈ ਵੋਟ ਵੀ ਕੀਤਾ। ਇਸ ਤੋਂ ਅਗਲੇ ਦਿਨ ਅਕੈਡਮੀ ਦੀ ਸਥਾਈ ਮੈਂਬਰ ਸਾਰਾ ਡੇਨੀਅਸ ਨੇ ਕਿਹਾ ਕਿ ਸੰਸਥਾ ਨੇ ਕਥਿਤ ਇਲਜ਼ਾਮਾਂ ਤੋਂ ਬਾਅਦ ਅਰਨਾਲਟ ਤੋਂ ਪੂਰੀ ਤਰ੍ਹਾਂ ਨਾਤਾ ਤੋੜ ਲਿਆ ਹੈ। ਇਸੇ ਵਿਵਾਦ ਕਾਰਨ ਹੀ ਇਸ ਸਾਲ ਦੇ ਨੋਬਲ ਪੁਰਸਕਾਰ ਰੋਕ ਦਿੱਤੇ ਗਏ ਹਨ।

ਕਦੋਂ ਦਿੱਤਾ ਜਾਵੇਗਾ 2018 ਦਾ ਸਾਹਿਤ ਪੁਰਸਕਾਰ ?

ਅਕੈਡਮੀ ਨੇ ਕਿਹਾ ਕਿ 2018 ਦਾ ਸਾਹਿਤ ਪੁਰਸਕਾਰ ਅਗਲੇ ਸਾਲ 2019 ਵਿੱਚ ਦਿੱਤਾ ਜਾਵੇਗਾ, ਯਾਨੀ ਕਿ ਅਗਲੇ ਸਾਲ ਦੋ ਵਿਜੇਤਾ ਚੁਣੇ ਜਾਣਗੇ। ਨਾਲ ਹੀ ਇਹ ਵੀ ਕਿਹਾ ਕਿ ਬਾਕੀ ਦੇ ਨੋਬਲ ਪੁਰਸਕਾਰਾਂ ਤੇ ਇਸ ਦਾ ਕੋਈ ਅਸਰ ਨਹੀਂ ਪਏਗਾ। ਇਸ ਮੌਕੇ ਨੋਬਲ ਫਾਊਂਡੇਸ਼ਨ ਨੇ ਇਹ ਵੀ ਕਿਹਾ ਕਿ ਆਮ ਤੌਰ 'ਤੇ ਇਹ ਪੁਰਸਕਾਰ ਹਰ ਸਾਲ ਦਿੱਤੇ ਜਾਂਦੇ ਹਨ ਪਰ ਕੁਝ ਗੰਭੀਰ ਹਾਲਾਤ 'ਚ ਇਨ੍ਹਾਂ ਨੂੰ ਰੋਕ ਦਿੱਤਾ ਜਾਂਦਾ ਹੈ। ਇਸ ਸਾਲ ਪੁਰਸਕਾਰ ਨਾ ਦਿੱਤੇ ਜਾਣ ਦਾ ਫੈਸਲਾ ਇਹ ਦਿਖਾਉਂਦਾ ਹੈ ਕਿ ਸੰਸਥਾ ਇਸ ਮਾਮਲੇ ਪ੍ਰਤੀ ਕਿੰਨੀ ਗੰਭੀਰ ਹੈ। ਇਹ ਫੈਸਲਾ ਸੰਸਥਾ ਦਾ ਵੱਕਾਰ ਬਣਾਈ ਰੱਖਣ 'ਚ ਵੀ ਸਹਾਈ ਸਿੱਧ ਹੋਵੇਗਾ।