ਨਵੀਂ ਦਿੱਲੀ: ਉੱਤਰ ਕੋਰੀਆ ਅਤੇ ਅਮਰੀਕਾ ਵਿਚਾਲੇ ਤਣਾਅ ਜਾਰੀ ਹੈ। ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਨੌਰਥ ਕੋਰੀਆ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਨੌਰਥ ਕੋਰੀਆ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਦਾ ਹੈ ਤਾਂ ਉਸ ਨੂੰ ਵੱਡੀ ਫੌਜੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਦੋਵੇਂ ਮੁਲਕਾਂ ਵਿਚਾਲੇ ਲਗਾਤਾਰ ਬਿਆਨਬਾਜ਼ੀ ਤੋਂ ਜੰਗ ਦੇ ਹਲਾਤ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਦੋ ਦਿਨਾਂ ਦੀ ਯਾਤਰਾ 'ਤੇ ਦੱਖਣੀ ਕੋਰੀਆ ਗਏ ਅਮਰੀਕੀ ਰੱਖਿਆ ਮੰਤਰੀ ਮੈਟਿਸ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅਮਰੀਕਾ ਦਾ ਮਕਸਦ ਜੰਗ ਕਰਨਾ ਨਹੀਂ ਹੈ। ਯੂ.ਐਸ. ਡਿਪਲੋਮੈਟਿਕ ਹਲ ਕੱਢਣ ਲਈ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ।
ਉਨ੍ਹਾਂ ਪੈਨਮਨਜੋਮ 'ਚ ਕਿਹਾ ਸੀ ਕਿ ਸਾਡਾ ਮਕਸਦ ਕੋਰੀਆਈ ਪ੍ਰਾਏਦਵੀਪ ਦਾ ਪੂਰਾ ਨਿਰੀਖਣ ਅਤੇ ਉਸ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨਾ ਹੈ। ਮੈਟਿਸ ਨੇ ਜ਼ੋਰ ਦਿੰਦੇ ਹੋਏ ਕਿਹਾ ਸੀ ਕਿ ਉਹ ਅਤੇ ਉਨ੍ਹਾਂ ਦੇ ਦੱਖਣੀ ਕੋਰੀਆ ਸਾਥੀ ਸਾਂਗ ਯਾਂਗ ਮਿਊ ਨੇ ਉੱਤਰ ਕੋਰੀਆ ਦੇ ਲਾਪਰਵਾਹ ਅਤੇ ਗੈਰ ਕਾਨੂੰਨੀ ਰਵੱਈਏ ਦਾ ਹਲ ਕੱਢਣ ਲਈ ਆਪਣੀ ਸਥਿਤੀ ਨੂੰ ਸਪੱਸ਼ਟ ਕੀਤਾ ਹੈ।