ਚੰਡੀਗੜ੍ਹ: ਪੰਜਾਬ ਦਾ ਮਾਲਵਾ ਤੇ ਦੁਆਬਾ ਖਿੱਤੇ ਦੇ ਸੈਂਕੜੇ ਪਿੰਡ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਆਪਣੇ ਪਿੰਡਾਂ ਨੂੰ ਮੁਸੀਬਤ ਵਿੱਚੋਂ ਕੱਢਣ ਲਈ ਹੁਣ ਪਰਵਾਸੀ ਪੰਜਾਬੀ ਖੜ੍ਹੇ ਹੋ ਗਏ ਹਨ। ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਪਰਵਾਸੀ ਪੰਜਾਬੀਆਂ ਨੇ ਪੌਂਡਾਂ ਅਤੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ ਹੈ ਤਾਂ ਜੋ ਲੋਕਾਂ ਦੀ ਮਦਦ ਹੋ ਸਕੇ।

ਹੜ੍ਹ ਪੀੜਤਾਂ ਦੀ ਸਹਾਇਤਾ ਵਿੱਚ ਜੁਟੀ ਕੌਮਾਂਤਰੀ ਪੱਧਰ ਦੀ ਪਰਉਪਕਾਰੀ ਸੰਸਥਾ ਖ਼ਾਲਸਾ ਏਡ ਦੇ ਬਾਨੀ ਰਵੀ ਸਿੰਘ ਵੱਲੋਂ ਡੇਢ ਲੱਖ ਪੌਂਡ ਦੇ ਐਲਾਨ ਕੀਤਾ ਸੀ। ਖ਼ਾਲਸਾ ਏਡ ਦੇ ਵਾਲੰਟੀਅਰ ਪਹਿਲਾਂ ਹੀ ਹੜ੍ਹ ਪੀੜਤਾਂ ਦੀ ਸਹਾਇਤਾ ਵਿਚ ਲੱਗੇ ਹੋਏ ਹਨ ਤੇ ਸੁੱਕਾ ਰਾਸ਼ਨ ਵੀ ਪਹੁੰਚਾ ਰਹੇ ਹਨ ਅਤੇ ਹੁਣ ਹੋਰ ਪਰਵਾਸੀ ਪੰਜਾਬੀ ਵੀ ਐਕਸ਼ਨ ਵਿੱਚ ਆ ਗਏ ਹਨ।



ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਵੀ ਖ਼ਾਲਸਾ ਏਡ ਰਾਹੀਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਸੱਤ ਲੱਖ ਰੁਪਏ ਭੇਜੇ ਹਨ। ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਤੇ ਯੂਰਪੀ ਦੇਸ਼ਾਂ ਵਿਚੋਂ ਪਰਵਾਸੀ ਪੰਜਾਬੀਆਂ ਦੀਆਂ ਜਥੇਬੰਦੀਆਂ ਨੇ ਗੁਰਦੁਆਰਿਆਂ ਤੇ ਹੋਰ ਸਾਂਝੀਆਂ ਥਾਵਾਂ ’ਤੇ ਮੀਟਿੰਗਾਂ ਕਰਕੇ ਪੰਜਾਬ ਵਿਚ ਹੜ੍ਹ ਦੀ ਤਬਾਹੀ ਨਾਲ ਬਰਬਾਦ ਹੋਏ ਲੋਕਾਂ ਦੀ ਮਦਦ ਵਾਸਤੇ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਹਨ।

ਕੈਨੇਡਾ ਤੋਂ ਪਰਵਾਸੀ ਪੰਜਾਬੀਆਂ ਨੇ ਸ਼ਾਹਕੋਟ ਦੇ ਗਿੱਦੜਪਿੰਡੀ ਤੇ ਲਾਗਲੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਤੇ ਕੈਨੇਡਾ ਵਾਪਸ ਜਾ ਕੇ ਉੱਥੇ ਆਪਣੇ ਭਾਈਚਾਰੇ ਤੋਂ ਮਦਦ ਇਕੱਠੀ ਕਰ ਕੇ ਭੇਜਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਤੋਂ ਕਈ ਪਰਵਾਸੀ ਪੰਜਾਬੀਆਂ ਨੇ ਫੋਨ ਕੀਤੇ ਹਨ। ਉਹ ਵੱਡੀ ਪੱਧਰ ’ਤੇ ਪੈਸੇ ਭੇਜਣਾ ਚਾਹੁੰਦੇ ਹਨ ਪਰ ਉਨ੍ਹਾਂ ਨੇ ਪਰਵਾਸੀਆਂ ਨੂੰ ਸਲਾਹ ਦਿੱਤੀ ਹੈ ਕਿ ਪਹਿਲਾਂ ਉਹ ਇਥੇ ਆ ਕੇ ਜਾਇਜ਼ਾ ਲੈ ਲੈਣ ਕਿ ਕਿਹੜੇ ਕਿਹੜੇ ਪਰਿਵਾਰਾਂ ਨੂੰ ਕਿੰਨੀ ਸਹਾਇਤਾ ਦੀ ਲੋੜ ਹੈ।


ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਅਕਸਰ ਸਹੀ ਥਾਂ ਨਹੀਂ ਪਹੁੰਚਦੀ। ਸਰਕਾਰੀ ਮਦਦ ਉਨ੍ਹਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦਾ ਘਰ ਹੜ੍ਹ ਕਾਰਨ ਡਿੱਗ ਗਿਆ ਹੋਵੇ ਜਾਂ ਕਿਸੇ ਦਾ ਬੋਰ ਖਰਾਬ ਹੋ ਗਿਆ ਹੋਵੇ। ਇਸ ਤੋਂ ਛੋਟੇ ਨੁਕਸਾਨ ਦੀ ਭਰਪਾਈ ਔਖੀ ਹੀ ਹੁੰਦੀ ਹੈ। ਪਰ ਇਨ੍ਹਾਂ ਹੜ੍ਹਾਂ ਵਿੱਚ ਲੋਕਾਂ ਵੱਲੋਂ ਆਪਣੇ ਪਰਿਵਾਰਾਂ ਲਈ ਸੰਭਾਲੀ ਕਣਕ ਅਤੇ ਬੱਚਿਆਂ ਦੀਆਂ ਕਿਤਾਬਾਂ ਅਤੇ ਉਨ੍ਹਾਂ ਦੀ ਸਾਰੀ ਉਮਰ ਦੀ ਕਮਾਈ ਵਿੱਦਿਅਕ ਸਰਟੀਫ਼ਿਕੇਟ ਆਦਿ ਵੀ ਖਰਾਬ ਹੋ ਗਏ ਹਨ। ਅਜਿਹੇ ਵਿੱਚ ਪਰਵਾਸੀ ਪੰਜਾਬੀਆਂ ਨੇ ਸਿੱਧਾ ਹੀ ਲੋੜਵੰਦਾਂ ਦੀ ਮਦਦ ਲਈ ਪਹਿਲਕਦਮੀ ਸ਼ੁਰੂ ਕਰ ਦਿੱਤੀ ਹੈ।