ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਵਿੱਚ ਉੱਤਰੀ ਕੋਰੀਆ ਦੇ ਡਿਪਟੀ ਅੰਬੈਸਡਰ ਨੇ ਸੋਮਵਾਰ ਨੂੰ ਇਹ ਚੇਤਾਵਨੀ ਦਿੱਤੀ ਕਿ ਕੋਰੀਆਈ ਪਰਾਇਦੀਪ ਉੱਤੇ ਹਾਲਾਤ ਇਹੋ ਜਿਹੇ ਬਣ ਚੁੱਕੇ ਹਨ ਕਿ ਕਿਸੇ ਵੀ ਵੇਲੇ ਪ੍ਰਮਾਣੂ ਜੰਗ ਛਿੜ ਸਕਦੀ ਹੈ।


ਕਿੰਮ ਇਨ ਰਯੌਂਗ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੀ ਨਿਸ਼ਸਤਰੀਕਰਣ ਕਮੇਟੀ ਨੂੰ ਦੱਸਿਆ ਕਿ ਉੱਤਰੀ ਕੋਰੀਆ ਹੀ ਅਜਿਹਾ ਇੱਕ ਮਾਤਰ ਦੇਸ਼ ਹੈ ਜਿਸ ਨੂੰ 1970ਵਿਆਂ ਤੋਂ ਹੀ ਅਮਰੀਕਾ ਤੋਂ ਸਿੱਧੇ ਪ੍ਰਮਾਣੂ ਹਮਲੇ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਸਾਡੇ ਦੇਸ਼ ਕੋਲ ਆਤਮ ਰੱਖਿਆ ਲਈ ਪ੍ਰਮਾਣੂ ਹਥਿਆਰ ਰੱਖਣ ਦਾ ਅਧਿਕਾਰ ਹੈ। ਉਨਾਂ ਆਖਿਆ ਕਿ ਹਰ ਸਾਲ ਪ੍ਰਮਾਣੂ ਸੰਪਤੀ ਦੀ ਵਰਤੋਂ ਕਰਕੇ ਵੱਡੀ ਪੱਧਰ ਉੱਤੇ ਫੌਜੀ ਮਸ਼ਕਾਂ ਕੀਤੀਆਂ ਜਾਂਦੀਆਂ ਹਨ ਤੇ ਇਸ ਤੋਂ ਇਲਾਵਾ ਅਮਰੀਕਾ ਵੱਲੋਂ ਸਾਡੀ ਸਰਬਉੱਚ ਲੀਡਰਸਿ਼ਪ ਨੂੰ ਖ਼ਤਮ ਕਰਨ ਲਈ ਗੁਪਤ ਆਪਰੇਸ਼ਨ ਚਲਾਉਣ ਦੇ ਸੰਕੇਤ ਵੀ ਮਿਲੇ ਹਨ ਤੇ ਇਸ ਤੋਂ ਵੱਧ ਖਤਰਨਾਕ ਸਾਡੇ ਲਈ ਹੋਰ ਕੀ ਹੋ ਸਕਦਾ ਹੈ।

ਕਿੰਮ ਨੇ ਆਖਿਆ ਕਿ ਇਸ ਸਾਲ ਉੱਤਰੀ ਕੋਰੀਆ ਨੇ ਆਪਣੀ ਸਟੇਟ ਨਿਊਕਲੀਅਰ ਫੋਰਸ ਮੁਕੰਮਲ ਕਰ ਲਈ ਤੇ ਇਸ ਤਰ੍ਹਾਂ ਹੁਣ ਅਸੀਂ ਵੀ ਪੂਰੀ ਤਰ੍ਹਾਂ ਪ੍ਰਮਾਣੂ ਸ਼ਕਤੀ ਬਣ ਚੁੱਕੇ ਹਾਂ। ਸਾਡੇ ਕੋਲ ਅਟੌਕਿਮ ਬੰਬ, ਹਾਈਡ੍ਰੋਜਨ ਬੰਬ ਤੇ ਇੱਕ ਮਹਾਦੀਪ ਤੋਂ ਦੂਜੇ ਮਹਾਦੀਪ ਤੱਕ ਮਾਰ ਕਰਨ ਵਾਲੇ ਬਾਲਿਸਟਿਕ ਰਾਕੇਟ ਵੀ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਮੁੱਚਾ ਅਮਰੀਕਾ ਸਾਡੀ ਫਾਇਰਿੰਗ ਰੇਂਜ ਉੱਤੇ ਹੈ ਤੇ ਜੇ ਅਮਰੀਕਾ ਨੇ ਸਾਡੀ ਟੈਰੇਟਰੀ ਦੇ ਇੱਕ ਇੰਚ ਉੱਤੇ ਵੀ ਚੜ੍ਹਾਈ ਕਰਨ ਦੀ ਕੋਸਿ਼ਸ਼ ਕੀਤੀ ਤਾਂ ਸਾਡੀ ਸਜ਼ਾ ਤੋਂ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਲੁਕ ਕੇ ਬਚ ਨਹੀਂ ਸਕੇਗਾ।

ਉੱਤਰੀ ਕੋਰੀਆ ਤੇ ਅਮਰੀਕਾ ਵਿਚਾਲੇ ਵਧੀ ਤਲਖੀ ਤੇ ਸੰਯੁਕਤ ਰਾਸ਼ਟਰ ਵੱਲੋਂ ਲਾਈਆਂ ਪਾਬੰਦੀਆਂ ਦੇ ਮੱਦੇਨਜ਼ਰ ਕਿੰਮ ਵੱਲੋਂ ਇਹ ਭਾਸ਼ਣ ਦਿੱਤਾ ਗਿਆ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਆਖਿਆ ਕਿ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੇ ਚੱਲਦਿਆਂ ਉਨ੍ਹਾਂ ਦੇ ਦੇਸ਼ ਵੱਲੋਂ ਵੀ ਉੱਤਰੀ ਕੋਰੀਆ ਨਾਲ ਆਰਥਿਕ, ਵਿਗਿਆਨਕ ਤੇ ਹੋਰ ਸਬੰਧਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਉੱਤਰੀ ਕੋਰੀਆ ਵੱਲੋਂ ਪ੍ਰਮਾਣੂ ਹਥਿਆਰਾਂ ਤੇ ਬਾਲਿਸਟਿਕ ਮਿਜ਼ਾਈਲਾਂ ਦੇ ਵਿਕਾਸ ਦੇ ਚੱਲਦਿਆਂ ਯੂਰਪੀਅਨ ਯੂਨੀਅਨ ਵੱਲੋਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ।

ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਐਤਵਾਰ ਨੂੰ ਆਖਿਆ ਕਿ ਉੱਤਰੀ ਕੋਰੀਆਈ ਸੰਕਟ ਨੂੰ ਹੱਲ ਕਰਨ ਦੀਆਂ ਅਮਰੀਕਾ ਦੀਆਂ ਕੋਸਿ਼ਸ਼ਾਂ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਪਹਿਲਾ ਬੰਬ ਨਹੀਂ ਡਿੱਗ ਜਾਂਦਾ।