ਭਾਰਤ ਵਿੱਚ ਹੋ ਰਹੇ ਸ਼ੂਟਿੰਗ ਵਰਲਡ ਕੱਪ ਵਿੱਚ ਪਾਕਿਸਤਾਨ ਦੇ ਦੋ ਸ਼ੂਟਰਸ ਜੀਐਮ ਬਸ਼ੀਰ ਤੇ ਖਲੀਲ ਅਹਿਮਦ ਨੇ 25 ਮੀਟਰ ਰੈਪਿਡ ਫਾਇਰ ਈਵੈਂਟ ਵਿੱਚ ਹਿੱਸਾ ਲੈਣਾ ਸੀ। ਭਾਰਤ ਸਰਕਾਰ ਵੱਲੋਂ ਦੋਵਾਂ ਖਿਡਾਰੀਆਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ। ਇਸ ਮਗਰੋਂ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਪਾਕਿਸਤਾਨ ਨੇ ਆਈਓਸੀ ਨੂੰ ਇਸ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਯਾਦ ਰਹੇ ਕਿ ਪੁਲਵਾਮਾ ਹਮਲੇ ਬਾਅਦ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਇਸੇ ਕਰਕੇ ਹੀ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਖਿਡਾਰੀਆਂ ਨੂੰ ਵੀਜ਼ਾ ਨਹੀਂ ਦਿੱਤਾ।
ਪਾਕਿਸਤਾਨ ਦੀ ਸ਼ਿਕਾਇਤ ਬਾਅਦ ਆਈਓਸੀ ਨੇ ਕਿਹਾ ਕਿ ਮੇਜ਼ਬਾਨ ਦੇਸ਼ ਵਿੱਚ ਆਉਣ ਵਾਲੇ ਸਾਰੇ ਖਿਡਾਰੀਆਂ ਨੂੰ ਬਗੈਰ ਕਿਸੇ ਸਿਆਸੀ ਪੱਖਪਾਤ ਦੇ ਸਮਾਨਤਾ ਦੇ ਮਾਹੌਲ ਵਿੱਚ ਮੁਕਾਬਲੇ ’ਚ ਹਿੱਸਾ ਲੈਣ ਦਾ ਮੌਕਾ ਮਿਲਣਾ ਚਾਹੀਦਾ ਹੈ। ਭਾਰਤੀ ਐਨਓਸੀ, ਆਈਓਸੀ ਤੇ ਆਈਐਸਐਫ ਦੇ ਆਖ਼ਰੀ ਵੇਲੇ ਤਕ ਕੀਤੇ ਯਤਨਾਂ ਦੇ ਬਾਅਦ ਵੀ ਪਾਕਿ ਖਿਡਾਰੀਆਂ ਸਬੰਧੀ ਕੋਈ ਰਾਹ ਨਹੀਂ ਬਣ ਸਕਿਆ। ਆਈਓਸੀ ਮੁਤਾਬਕ ਇਹ ਭੇਦਭਾਵ ਨਾਲ ਸਬੰਧਤ ਆਈਓਸੀ ਦੇ ਮੂਲ ਚਾਰਟਰ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਆਈਓਸੀ ਐਗਜ਼ੀਕਿਊਟਿਵ ਬੋਰਡ ਨੇ ਭਾਰਤ ਨਾਲ ਭਵਿੱਖ ਵਿੱਚ ਕਿਸੇ ਵੀ ਓਲੰਪਿਕ ਨਾਲ ਸਬੰਧਿਤ ਮੁਕਾਬਲੇ ਕਰਾਏ ਜਾਣ ਬਾਰੇ ਸਾਰੀਆਂ ਚਰਚਾਵਾਂ ਪੂਰੀ ਤਰ੍ਹਾਂ ਸਥਗਿਤ ਕਰ ਦਿੱਤੀਆਂ ਹਨ।
ਇਸ ਤੋਂ ਇਲਾਵਾ ਇੰਟਰਨੈਸ਼ਨਲ ਸ਼ੂਟਿੰਗ ਫੈਡਰੇਸ਼ਨ (ਆਈਐਸਐਫ) ਨੇ ਇਸ ਵਰਲਡ ਕੱਪ ਤੋਂ ਓਲੰਪਿਕ ਕੋਟਾ ਹਟਾ ਦਿੱਤਾ ਹੈ। ਈਵੈਂਟ ਵਿੱਚ ਓਲੰਪਿਕ ਦੇ 16 ਕੋਟੇ ਮਿਲਦੇ ਸੀ। ਇਹ ਭਾਰਤੀ ਖਿਡਾਰੀਆਂ ਲਈ ਵੱਡਾ ਝਟਕਾ ਹੈ ਕਿਉਂਕਿ ਭਾਰਤ ਨੂੰ ਇਸ ਤੋਂ 14 ਕੋਟੇ ਮਿਲਣ ਦੀ ਉਮੀਦ ਬੱਝੀ ਸੀ।