ਇਸਲਾਮਾਬਾਦ: ਪਾਕਿਸਤਾਨ ਦੇ ਪੇਸ਼ਾਵਰ ਵਿੱਚ ਐਂਟੀ-ਨਾਰਕੋਟਿਕਸ ਫੋਰਸ (ਏਐਨਐਫ) ਦੀ ਮਹਿਲਾ ਟੀਮ ਨੇ ਜ਼ਬਤ ਕੀਤੇ 110 ਕੁਇੰਟਲ ਨਾਜਾਇਜ਼ ਨਸ਼ੇ ਨੂੰ ਅੱਗ ਲਾ ਕੇ ਨਸ਼ਟ ਕਰ ਦਿੱਤਾ। ਇਸ ਤੋਂ ਬਾਅਦ ਔਰਤਾਂ ਨੇ ਬਲ਼ਦੀ ਅੱਗ ਦੇ ਸਾਹਮਣੇ ਸੈਲਫ਼ੀ ਵੀ ਲਈ। ਮਹਿਲਾ ਅਫ਼ਸਰਾਂ ਦੀ ਇਹ ਸੈਲਫ਼ੀ ਵਾਇਰਲ ਹੋ ਗਈ ਤੇ ਲੋਕ ਉਨ੍ਹਾਂ ਦੀ ਹਿੰਮਤ ਦੀ ਸ਼ਲਾਘਾ ਕਰ ਰਹੇ ਹਨ।


ਵਾਇਰਲ ਹੋਈਆਂ ਤਸਵੀਰਾਂ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਹੱਥ ਵਿੱਚ ਬੰਦੂਕ ਫੜੀ ਹੋਈ ਤੇ ਧੁੱਪ ਤੋਂ ਬਚਣ ਵਾਲੀਆਂ ਐਨਕਾਂ ਪਹਿਨੀ ਖੜ੍ਹੀ ਹੈ। ਕੁਝ ਲੋਕਾਂ ਨੇ ਕੁਮੈਂਟ ਕੀਤਾ ਕਿ ਕਈਆਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਵਿੱਚ ਔਰਤਾਂ ਨੂੰ ਦਬਾਅ ਹੇਠ ਰੱਖਿਆ ਜਾਂਦਾ ਹੈ। ਉਨ੍ਹਾਂ 'ਤੇ ਤਸ਼ੱਦਦ ਕੀਤਾ ਜਾਂਦਾ ਹੈ। ਜੇਕਰ ਉਹ ਇਹ ਤਸਵੀਰ ਦੇਖ ਲੈਣ ਤਾਂ ਉਨ੍ਹਾਂ ਦਾ ਨਜ਼ਰੀਆ ਬਦਲ ਜਾਵੇਗਾ।

ਏਐਨਐਫ ਦੇ ਡੀਜੀ ਮੇਜਰ ਜਨਰਲ ਮੁਸਰਤ ਨਵਾਜ਼ ਮਲਿਕ ਮੁਤਾਬਕ ਜੋ ਚੀਜ਼ਾਂ ਸਮਾਜ ਨੂੰ ਖ਼ਤਮ ਕਰ ਰਹੀਆਂ ਹਨ, ਉਨ੍ਹਾਂ ਵਿੱਚੋਂ ਨਸ਼ਾ ਬੇਹੱਦ ਖ਼ਤਰਨਾਕ ਹੈ। ਫੋਰਸ ਨੇ ਡਰੱਗਸ ਦਾ ਪੂਰਾ ਖ਼ਾਤਮਾ ਕਰਨ ਦੀ ਠਾਣ ਲਈ ਹੈ ਤਾਂ ਕਿ ਨਸ਼ਾ ਮੁਕਤ ਸਮਾਜ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।


ਫੇਸਬੁੱਕ 'ਤੇ ਸਾਦ ਹਾਮਿਦ ਨੇ ਲਿਖਿਆ ਕਿ ਮਹਿਲਾ ਅਫ਼ਸਰਾਂ ਨੇ ਜੋ ਕੀਤਾ ਉਹ ਹਾਲੀਵੁੱਡ ਫ਼ਿਲਮ ਦੇ ਸੀਨ ਵਾਂਗ ਜਾਪਦਾ ਹੈ। ਅਫਸਰ ਰਾਬੀਆ ਬੇਗ਼ ਤੇ ਉਨ੍ਹਾਂ ਦੀਆਂ ਏਐਨਐਫ ਦੀਆਂ ਸਾਥਣਾਂ ਨੇ ਨਸ਼ਿਆਂ ਨੂੰ ਸਾੜ ਦਿੱਤਾ। ਮਹਿਲਾ ਅਫ਼ਸਰਾਂ ਦੀ ਕਾਮਯਾਬੀ 'ਤੇ ਪਾਕਿਸਤਾਨ ਦੇ ਰੱਖਿਆ ਮੰਤਰਾਲੇ ਨੇ ਵੀ ਤਾਰੀਫ਼ ਕੀਤੀ। ਮੰਤਰਾਲੇ ਨੇ ਲਿਖਿਆ ਹੈ ਕਿ ਏਐਨਐਫ ਨੇ ਜੋ ਕਿਹਾ ਸੀ, ਉਹ ਕਰ ਦਿਖਾਇਆ ਹੈ।