ਪਾਕਿਸਤਾਨ ਦੀ ਇਕ ਅੱਤਵਾਦ ਰੋਧੀ ਅਦਾਲਤ ਨੇ ਮੁੰਬਈ 'ਤੇ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਇੰਡ ਤੇ ਜਮਾਤ-ਉਦ-ਦਾਅਵਾ ਪ੍ਰਮੁੱਖ ਹਾਫਿਜ਼ ਸਈਅਦ ਨੂੰ ਟੈਰਰ ਫੰਡਿੰਗ ਦੇ ਮਾਮਲੇ 'ਚ 15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ 'ਤੇ ਦੋ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। 70 ਸਾਲਾ ਸਈਅਦ ਨੂੰ ਟੈਰਰ ਫੰਡਿੰਗ ਕਰਨ ਦੇ ਚਾਰ ਮਾਮਲਿਆਂ 'ਚ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਤੇ ਉਸ ਨੂੰ 21 ਸਾਲ ਦੀ ਸਜ਼ਾ ਹੋਈ ਹੈ।
ਸਈਅਦ ਨੂੰ ਟੈਰਰ ਫੰਡਿੰਗ ਦੇ ਪੰਜ ਮਾਮਲਿਆਂ 'ਚ ਕੋਟ ਲੱਖਪਤ ਜੇਲ੍ਹ ਲਾਹੌਰ 'ਚ 36 ਸਾਲ ਸਜ਼ਾ ਕੱਟਣੀ ਪਵੇਗੀ। ਪਰ ਇਨ੍ਹਾਂ ਮਾਮਲਿਆਂ 'ਚ ਉਸ ਦੀਆਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ। ਅਜਿਹੀਆਂ ਖ਼ਬਰਾਂ ਹਨ ਕਿ ਹਾਫ਼ਿਜ਼ ਸਈਅਦ ਨੂੰ ਜੇਲ੍ਹ 'ਚ ਵੀਆਈਪੀ ਪ੍ਰੋਟੋਕੋਲ ਦਿੱਤਾ ਜਾ ਰਿਹਾ ਹੈ।
ਦਰਅਸਲ ਕੌਮਾਂਤਰੀ ਸੰਸਥਾ ਵਿੱਤੀ ਕਾਰਵਾਈ ਕਾਰਜ ਬਲ ਐਫਟੀਐਫ ਨੇ ਫਰਵਰੀ 2021 ਤਕ ਪਾਕਿਸਤਾਨ ਨੂੰ ਗ੍ਰੇਅ ਸੂਚੀ 'ਚ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਹਰ ਨਿੱਕਲਣ ਲਈ ਪਾਕਿਸਤਾਨ ਅੱਤਵਾਦੀਆਂ 'ਤੇ ਕਾਰਵਾਈ ਦਾ ਪੈਂਤੜਾ ਆਪਣਾ ਰਿਹਾ ਹੈ।
ਸਈਅਦ 'ਤੇ ਅਮਰੀਕਾ ਨੇ 10 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੈ। ਉਸ ਨੂੰ ਪਿਛਲੇ ਸਾਲ 17 ਜੁਲਾਈ ਨੂੰ ਟੈਰਰ ਫੰਡਿੰਗ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸਾਲ ਫਰਵਰੀ 'ਚ ਅੱਤਵਾਦ ਰੋਕੂ ਅਦਾਲਤ ਨੇ ਦੋ ਮਾਮਲਿਆਂ 'ਚ ਉਸ ਨੂੰ 11 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ। ਇਸ ਦੇ ਬਾਅਦ ਨਵੰਬਰ 'ਚ ਸਈਅਦ ਨੂੰ ਦੋ ਮਾਮਲਿਆਂ 'ਚ 10 ਸਾਲ ਦੀ ਸਜ਼ਾ ਸੁਣਾਈ ਸੀ।
ਹੁਣ ਉਸ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸਈਅਦ ਸਮੇਤ JuD ਲੀਡਰਾਂ ਨੂੰ ਉੱਚ ਸੁਰੱਖਿਆ ਦੇ ਵਿੱਚ ਅਦਾਲਤ 'ਚ ਲਿਆਂਦਾ ਗਿਆ ਤੇ ਮੀਡੀਆ ਨੂੰ ਕਾਰਵਾਈ ਕਵਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ