ਲਾਹੌਰ: ਪਾਕਿਸਤਾਨ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਪਾਬੰਦੀਸ਼ੁਦਾ ਜਮਾਤ-ਉਲ-ਅਹਰਾਰ ਦੇ ਤਿੰਨ ਅੱਤਵਾਦੀਆਂ ਨੂੰ ਸਜ਼ਾ ਸੁਣਾਈ। ਇਹ ਸਜ਼ਾ 2014 ਵਾਹਗਾ ਬਾਰਡਰ ਬੰਬ ਧਮਾਕੇ ਦੇ ਕੇਸ ਵਿੱਚ ਸੁਣਾਈ ਗਈ। ਅਦਾਲਤ ਨੇ ਇਨ੍ਹਾਂ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਦੇ ਨਾਲ 300 ਸਾਲ ਦੀ ਕੈਦ ਵੀ ਸੁਣਾ ਦਿੱਤੀ। ਇਸ ਬੰਬ ਧਮਾਕੇ 'ਚ 60 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।
2 ਨੰਵਬਰ, 2014 ਨੂੰ ਹੋਏ ਇਸ ਬੰਬ ਧਮਾਕੇ ਬੱਚਿਆਂ ਤੇ ਔਰਤਾਂ ਸਮੇਤ 60 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਵੱਖਰੇ ਤੌਰ ‘ਤੇ ਜੁੰਡੁੱਲਾ ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਪਲਿੰਟਰ ਸਮੂਹ ਜਮਾਤ-ਉਲ-ਅਹਰਾਰ ਨੇ ਲਈ ਸੀ। ਹਮਲਾਵਰ ਦੀ ਆਤਮਘਾਤੀ ਜੈਕੇਟ ਵਿੱਚ ਘੱਟੋ ਘੱਟ 15 ਤੋਂ 20 ਕਿਲੋ ਵਿਸਫੋਟਕ ਵਰਤੇ ਗਏ ਸਨ।
ਅਦਾਲਤ ਨੇ ਜਿਹਨਾਂ ਅੱਤਵਾਦੀਆਂ ਨੂੰ ਇਹ ਸਜ਼ਾ ਸੁਣਾਈ ਹੈ ਉਨ੍ਹਾਂ ਵਿੱਚ ਹਸੀਬੁੱਲਾ, ਸਈਦ ਜਨ ਘਾਨਾ ਤੇ ਹੁਸੈਨਉੱਲਾ ਸ਼ਾਮਲ ਹਨ। ਕੋਰਟ ਨੇ ਤਿੰਨਾਂ ਅੱਤਵਾਦੀਆਂ ਨੂੰ 10-10 ਲੱਖ ਪਾਕਿਸਤਾਨੀ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਵਾਹਗਾ ਬੰਬ ਧਮਾਕੇ ਤੋਂ ਬਾਅਦ ਜਮਾਤ-ਉਲ-ਅਹਰਾਰ ਦੇ ਬੁਲਾਰੇ ਅਹਿਸਾਨੁੱਲਾ ਅਹਿਸਾਨ ਨੇ ਪਾਕਿਸਤਾਨੀ ਅਖ਼ਬਾਰ ਨੂੰ ਅਫਗਾਨਿਸਤਾਨ ਤੋਂ ਦੱਸਿਆ ਸੀ ਕਿ ਇਹ ਉਨ੍ਹਾਂ ਦੇ ਇੱਕ ਵਿਅਕਤੀ ਨੇ ਕੀਤਾ ਸੀ।
ਬਾਅਦ ਵਿੱਚ, ਅਹਿਸਾਨ ਨੂੰ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਹਾਲ ਹੀ ਵਿੱਚ ਉਹ ਵਿਰੋਧੀ ਪਾਰਟੀਆਂ ਦੀ ਅਲੋਚਨਾ ਕਰਦਿਆਂ ਉਨ੍ਹਾਂ ਦੀ ਹਿਰਾਸਤ ਵਿੱਚੋਂ ਬਚ ਨਿਕਲਣ ਵਿੱਚ ਸਫਲ ਹੋ ਗਿਆ ਸੀ।