ਲਾਹੌਰ: 70 ਸਾਲ ਪੁਰਾਣੇ ਦੁਸ਼ਮਣਾਂ ਅਮਰੀਕਾ ਤੇ ਉੱਤਰੀ ਕੋਰੀਆਂ ਨੇ ਦੋਸਤੀ ਦੀ ਨਵੀਂ ਕਹਾਣੀ ਛੋਹੀ ਹੈ। ਸਵਾਲ ਉੱਠ ਰਿਹਾ ਹੈ ਕਿ ਹੁਣ ਭਾਰਤ ਤੇ ਪਾਕਿਸਤਾਨ ਇਸ ਤੋਂ ਕੋਈ ਸਬਕ ਸਿੱਖਣਗੇ। ਇਸ ਬਾਰੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਭਰਾ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਇਤਿਹਾਸਕ ਸਿੰਗਾਪੁਰ ਸੰਮੇਲਨ ਤੋਂ ਸਬਕ ਲੈਂਦਿਆਂ ਭਾਰਤ-ਪਾਕਿਸਤਾਨ ਦਰਮਿਆਨ ਸ਼ਾਂਤੀ ਵਾਰਤਾ ਸ਼ੁਰੂ ਹੋਣੀ ਚਾਹੀਦੀ ਹੈ।

 

ਭਾਰਤ 'ਤੇ ਕਦੀ-ਕਦਾਰ ਬਿਆਨ ਦੇਣ ਵਾਲੇ ਸ਼ਰੀਫ ਨੇ ਕਿਹਾ ਮੰਗਲਵਾਰ ਨੂੰ ਹੋਈ ਟਰੰਪ ਤੇ ਕਿਮ ਜੋਂਗ-ਉਨ ਦੀ ਮੁਲਾਕਾਤ ਨੇ ਦੋ ਆਪਸ ਵਿੱਚ ਲੜਨ ਵਾਲੇ ਗੁਆਂਢੀ ਮੁਲਕਾਂ ਲਈ ਮਿਸਾਲ ਕਾਇਮ ਕੀਤੀ ਹੈ। ਭਾਰਤ ਤੇ ਪਾਕਿਸਤਾਨ ਦੋਵਾਂ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ।

ਸ਼ਰੀਫ ਨੇ ਆਪਣੇ ਟਵੀਟ ਵਿੱਚ ਕਿਹਾ, "ਕੋਰਿਆਈ ਜੰਗ ਦੇ ਸ਼ੁਰੂ ਹੋਣ ਤੋਂ ਬਾਅਦ ਦੋਵੇਂ ਦੇਸ਼ (ਅਮਰੀਕਾ ਤੇ ਉੱਤਰੀ ਕੋਰੀਆ) ਇੱਕ ਦੂਜੇ ਦੇ ਆਹਮੋ-ਸਾਹਮਣੇ ਸੀ। ਦੋਵੇਂ ਹੀ ਇੱਕ ਦੂਜੇ ਉਪਰ ਪਰਮਾਣੂ ਹਮਲੇ ਦੀ ਧਮਕੀ ਦਿੰਦੇ ਰਹਿੰਦੇ ਸਨ। ਅਜਿਹੇ ਵਿੱਚ ਜੇਕਰ ਉਹ ਜੰਗ ਤੋਂ ਗੁਰੇਜ਼ ਕਰਦਿਆਂ ਵਾਪਸ ਪਰਤ ਆਉਂਦੇ ਹਨ, ਤਾਂ ਭਾਰਤ ਤੇ ਪਾਕਿਸਤਾਨ ਵੀ ਅਜਿਹਾ ਕਰ ਸਕਦੇ ਹਨ। ਇਸ ਦੀ ਸ਼ੁਰੂਆਤ ਕਸ਼ਮੀਰ 'ਤੇ ਗੱਲਬਾਤ ਨਾਲ ਹੋਵੇ।"

ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਡੇ ਖੇਤਰ ਵਿੱਚ ਅਸਲ ਰੂਪ ਵਿੱਚ ਸ਼ਾਂਤੀ ਵਾਰਤਾ ਹੋਣੀ ਚਾਹੀਦੀ ਹੈ। ਕੌਮਾਂਤਰੀ ਭਾਈਚਾਰੇ ਨੂੰ ਅਫਗਾਨਿਸਤਾਨ ਵਿੱਚ ਸ਼ਾਂਤੀ ਪ੍ਰਕਿਰਿਆ 'ਤੇ ਜ਼ੋਰ ਦੇਣਾ ਚਾਹੀਦਾ ਹੈ। ਨਾਲ ਹੀ ਭਾਰਤ ਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਮੁੱਦੇ 'ਤੇ ਵੀ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ ਤਾਂਕਿ ਲੰਮੇ ਸਮੇਂ ਤੋਂ ਚੱਲੇ ਆ ਰਹੇ ਇਸ ਵਿਵਾਦ ਨੂੰ ਸੰਯੁਕਤ ਰਾਸ਼ਟਰ ਸਮਝੌਤੇ ਤਹਿਤ ਨਬੇੜਿਆ ਜਾ ਸਕੇ।