ਇਸਲਾਮਾਬਾਦ: ਪਾਕਿਸਤਾਨ ਨੇ ਭਾਰਤੀ ਦੂਤਾਵਾਸ ਦੇ ਅੱਠ ਅਧਿਕਾਰੀਆਂ ਦੇ ਨਾਮ ਜਨਤਕ ਕਰਕੇ ਉਨ੍ਹਾਂ ਉੱਤੇ ਜਾਸੂਸੀ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਪਾਕਿਸਤਾਨ ਨੇ ਇਹ ਕਾਰਵਾਈ ਉਸ ਦੇ ਦਿੱਲੀ ਸਥਿਤੀ ਦੂਤਾਵਾਸ ਦੇ ਅਧਿਕਾਰੀ ਦੇ ਜਾਸੂਸੀ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਕੀਤੀ ਹੈ।

ਪਾਕਿਸਤਾਨ ਦੂਤਾਵਾਸ ਦੇ ਫੜੇ ਗਏ ਅਧਿਕਾਰੀ ਮਹਿਮੂਦ ਅਖ਼ਤਰ ਨੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਅੱਗੇ ਖ਼ੁਲਾਸਾ ਕੀਤਾ ਸੀ ਕਿ ਦੂਤਾਵਾਸ ਵਿਚਲੇ ਉਸ ਦੇ ਛੇ ਹੋਰ ਸਾਥੀ ਦਿੱਲੀ ਵਿੱਚ ਇਹ ਕੰਮ ਕਰ ਰਹੇ ਹਨ। ਇਸ ਤੋਂ ਬਾਅਦ ਪਾਕਿਸਤਾਨ ਨੇ ਤੁਰੰਤ ਇਨ੍ਹਾਂ ਅਧਿਕਾਰੀਆਂ ਨੂੰ ਵਾਪਸ ਬੁਲਾ ਲਿਆ ਸੀ।

ਪਾਕਿਸਤਾਨ ਵੱਲੋਂ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੇ ਨਾਮ ਮੀਡੀਆ ਵਿੱਚ ਜਾਰੀ ਕੀਤੇ ਜਾਣ ਤੋਂ ਬਾਅਦ ਭਾਰਤ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਠ ਅਧਿਕਾਰੀਆਂ ਨੂੰ ਵਾਪਸ ਸੱਦਣਾ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਮੀਡੀਆ ਨੇ ਅੱਠ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦਾ ਸਾਰਾ ਵੇਰਵਾ ਮੀਡੀਆ ਵਿੱਚ ਜਾਰੀ ਕੀਤਾ ਹੈ।

ਪਾਕਿਸਤਾਨ ਅਖ਼ਬਾਰ ਡਾਨ ਨੇ ਆਪਣੀ ਰਿਪੋਰਟ ਵਿੱਚ ਇਸਲਾਮਾਬਾਦ ਸਥਿਤ ਭਾਰਤੀ ਐਬੰਸੀ ਦੇ ਅਧਿਕਾਰੀ ਵਣਜ ਕੌਂਸਲਰ ਰਾਜੇਸ਼ ਅਗਨੀਹੋਤਰੀ, ਪ੍ਰੈੱਸ ਸਕੱਤਰ ਬਲਵੀਰ ਸਿੰਘ, ਵਣਜ ਸਕੱਤਰ ਅਨੁਰਾਗ ਸਿੰਘ, ਵੀਜ਼ਾ ਅਫ਼ਸਰ ਅਮਰਦੀਪ ਸਿੰਘ ਭੱਟੀ, ਵੀਜ਼ਾ ਸਹਾਇਕ ਧਰਮੇਂਦਰ, ਵਿਜੇ ਕੁਮਾਰ, ਮਾਧਵਨ ਨੰਦਾ ਕੁਮਾਰ ਤੇ ਜੇ ਸੈਨਥਿਲ ਨੂੰ ਭਾਰਤੀ ਖੁਫੀਆਂ ਏਜੰਸੀਆਂ ਦੇ ਅਧਿਕਾਰੀ ਦੱਸਿਆ ਹੈ।

ਪਾਕਿਸਤਾਨ ਮੀਡੀਆ ਅਨੁਸਾਰ ਇਹ ਸਾਰੇ ਅਧਿਕਾਰੀ ਭਾਰਤੀ ਖ਼ੁਫ਼ੀਆ ਏਜੰਸੀ ਰਾਅ ਦੇ ਕਰਮੀਂ ਹਨ। ਰਿਪੋਰਟ ਅਨੁਸਾਰ ਪਾਕਿਸਤਾਨ ਨੇ ਇਨ੍ਹਾਂ ਸਾਰੇ ਭਾਰਤੀ ਅਧਿਕਾਰੀਆਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ ਜਿਸ ਤੋਂ ਬਾਅਦ ਭਾਰਤ ਇਨ੍ਹਾਂ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ।