ਨਵੀਂ ਦਿੱਲੀ: ਪਾਕਿਸਤਾਨ ਸਰਕਾਰ ਨੇ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਤੋਂ ਕਰਤਾਰਪੁਰ ਸਾਹਿਬ ਗਲਿਆਰੇ ਅਤੇ ਨਨਕਾਣਾ ਸਾਹਿਬ ਲਈ ਸ਼ੁਰੂ ਹੋਏ ਵਿਸ਼ੇਸ਼ ਕਾਰਜਾਂ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ। ਇਹ ਪ੍ਰਗਟਾਵਾ ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਨੇ ਆਪਣੀ ਇੰਗਲੈਂਡ ਫੇਰੀ ਦੌਰਾਨ ਕੀਤਾ ਹੈ।

ਸਬੰਧਤ ਖ਼ਬਰ- ਕਰਤਾਰਪੁਰ ਸਾਹਿਬ ਕੌਰੀਡੋਰ: ਪਾਕਿਸਤਾਨ ਵਾਲੇ ਪਾਸੇ ਜੰਗੀ ਪੱਧਰ 'ਤੇ ਕੰਮ ਜਾਰੀ, ਭਾਰਤੀ ਲੀਡਰ ਕ੍ਰੈਡਿਟ ਵਾਰ ਤੇ ਕਾਗ਼ਜ਼ੀ ਕਾਰਵਾਈ 'ਚ ਉਲਝੇ

ਚੌਧਰੀ ਨੇ ਪੱਛਮੀ ਲੰਡਨ ਦੇ ਸਾਊਥਹਾਲ ਦੇ ਗੁਰੂ ਗੋਬਿੰਦ ਸਿੰਘ ਸਭਾ ਗੁਰਦੁਆਰੇ ਵਿਖੇ ਸਿੱਖਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿੱਖ ਸਾਡੇ ਆਪਣੇ ਭੈਣ-ਭਰਾ ਹਨ ਅਤੇ ਪਾਕਿਸਤਾਨ ਉਨ੍ਹਾਂ ਦੇ ਗੁਰਧਾਮਾਂ ਦੀ ਪੂਰੀ ਸੰਭਾਲ ਕਰਨ ਵਿੱਚ ਪੂਰਾ ਜ਼ੋਰ ਲਾ ਰਹੀ ਹੈ। ਇੱਥੇ ਹੀ ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਵਿਖੇ ਬਣ ਰਹੇ ਵਿੱਦਿਅਕ, ਹੋਟਲ ਤੇ ਸਨਅਤਾਂ ਵਿੱਚ ਨਿਵੇਸ਼ ਕਰਨ ਤਾਂ ਜੋ ਇਲਾਕੇ ਦੀ ਤਰੱਕੀ ਹੋ ਸਕੇ।


ਲਹਿੰਦੇ ਪੰਜਾਬ ਦੇ ਰਾਜਪਾਲ ਨੇ ਇਹ ਵੀ ਕਿਹਾ ਕਿ ਅਜਿਹਾ ਕਰਕੇ ਸਿੱਖ ਨਾ ਸਿਰਫ਼ ਪੁੰਨ ਦਾ ਕੰਮ ਕਰਨਗੇ ਬਲਕਿ ਆਪਣੇ ਨਿਵੇਸ਼ ਬਦਲੇ ਚੰਗੀ ਕਮਾਈ ਵੀ ਕਰ ਸਕਣਗੇ। ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਯੂਨੀਵਰਸਿਟੀ ਬਣਾਉਣ ਦੀ ਯੋਜਨਾ ਹੈ ਅਤੇ ਨਾਲ ਕਰਤਾਰਪੁਰ ਸਾਹਿਬ ਗਲਿਆਰੇ ਦੇ ਆਲੇ-ਦੁਆਲੇ ਚੰਗੇ ਹੋਟਲ ਤੇ ਸ਼ੌਪਿੰਗ ਮਾਲ ਉਸਾਰੇ ਜਾਣ ਦੀ ਵੀ ਤਜਵੀਜ਼ ਹੈ।