ਇਸਲਾਮਾਬਾਦ: ਮੁੰਬਈ ਹਮਲੇ ਦੀ ਸਾਜ਼ਿਸ਼ ਘੜਨ ਵਾਲੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਨੂੰ ਹੁਣ ਫਿਰ ਗ੍ਰਿਫਤਾਰੀ ਦਾ ਡਰ ਪੈ ਗਿਆ ਹੈ। ਉਸ ਨੇ ਲਾਹੌਰ ਦੀ ਕੋਰਟ 'ਚ ਗ੍ਰਿਫਤਾਰੀ ਤੋਂ ਬਚਾਅ ਲਈ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਭਾਰਤ ਤੇ ਅਮਰੀਕਾ ਦੇ ਦਬਾਅ 'ਚ ਪਾਕਿਸਤਾਨ ਸਰਕਾਰ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ।


ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਨੇ ਕਿਹਾ ਕਿ ਹਾਫਿਜ਼ ਸਈਦ ਨਾਲ ਜੁੜੀਆਂ ਜਥੇਬੰਦੀਆਂ ਦੀ ਪ੍ਰਾਪਰਟੀ ਸਰਕਾਰ ਜ਼ਬਤ ਕਰੇਗੀ। ਯੂਐਨ ਦੀ ਇੱਕ ਕਮੇਟੀ ਇਸ ਹਫਤੇ ਇਸਲਾਮਾਬਾਦ ਦਾ ਦੌਰਾ ਕਰੇਗੀ। ਕਮੇਟੀ ਇਹ ਵੇਖੇਗੀ ਕਿ ਪਾਕਿਸਤਾਨ ਕੌਮਾਂਤਰੀ ਪਾਬੰਦੀਆਂ ਦਾ ਪਾਲਣ ਕਰ ਰਿਹਾ ਹੈ ਜਾਂ ਨਹੀਂ।

ਟੀਮ ਦਾ ਦੋ ਦਿਨਾ ਦੌਰਾ ਵੀਰਵਾਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਇਸ ਲਈ ਗ੍ਰਿਫਤਾਰੀ ਤੋਂ ਬਚਣ ਲਈ ਸਈਦ ਨੇ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਇਹ ਵੀ ਮੰਗ ਕੀਤੀ ਗਈ ਹੈ ਕਿ ਸਰਕਾਰ ਉਸ ਦੀਆਂ ਜਥੇਬੰਦੀਆਂ 'ਤੇ ਐਕਸ਼ਨ ਨਾ ਲਵੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅੱਬਾਸੀ ਨੇ ਕਿਹਾ ਕਿ ਅਸੀਂ ਹਾਫਿਜ਼ ਸਈਦ ਨਾਲ ਜੁੜੀਆਂ ਜਥੇਬੰਦੀਆਂ 'ਤੇ ਐਕਸ਼ਨ ਲਈ ਤਿਆਰ ਹਾਂ ਪਰ ਅਮਰੀਕਾ ਪਾਕਿਸਤਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਨਾ ਕਰੇ।