ਇਸਲਾਮਾਬਾਦ: ਪਾਕਿਸਤਾਨ ਨੇ ਪੁਲਵਾਮਾ ਹਮਲੇ ਦੀ ਜਾਂਚ ਦੌਰਾਨ ਤਰਕਪੂਰਨ ਸਿੱਟਾ ਕੱਢਣ ਦਾ ਭਰੋਸਾ ਜਤਾਇਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਾਂਚ ਦੀ ਪ੍ਰਕਿਰਿਆ ਜਾਰੀ ਰੱਖਣ ਲਈ ਭਾਰਤ ਤੋਂ ਵਾਧੂ ਜਾਣਕਾਰੀ ਤੇ ਹੋਰ ਸਬੂਤਾਂ ਦੀ ਲੋੜ ਹੋਵੇਗੀ।
ਹਮਲੇ ਦੀ ਜਾਂਚ ਵਿੱਚ ਸਹਿਯੋਗ ਦੇਣ ਦੀ ਵਚਨਬੱਧਤਾ ਨਾਲ ਪਾਕਿਸਤਾਨ ਨੇ ਸ਼ਰੂਆਤੀ ਜਾਂਚ ਦੇ ਨਤੀਜਿਆਂ ਦੇ ਨਾਲ-ਨਾਲ ਕੁਝ ਸਵਾਲਾਂ ਦੇ ਸੈੱਟ ਵੀ ਭਾਰਤ ਨਾਲ ਸਾਂਝੇ ਕੀਤੇ ਹਨ। ਯਾਦ ਰਹੇ ਭਾਰਤੀ ਪੱਖ ਨੇ 27 ਫਰਵਰੀ, 2019 ਨੂੰ ਪਾਕਿਸਤਾਨ ਨੂੰ ਹਮਲੇ ਦੇ ਸਬੂਤ ਸੌਂਪੇ ਸੀ। ਇਸ ਪਿੱਛੋਂ ਪਾਕਿਸਤਾਨ ਨੇ ਇੱਕ ਜਾਂਚ ਟੀਮ ਦਾ ਗਠਨ ਕੀਤਾ, ਜਾਂਚ ਲਈ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਤੇ ਸੋਸ਼ਲ ਮੀਡੀਆ ਦੀ ਤਕਨੀਕੀ ਸਮੱਗਰੀ ਦੇ ਤਕਨੀਕੀ ਪਹਿਲੂਆਂ 'ਤੇ ਕੰਮ ਸ਼ੁਰੂ ਕੀਤਾ।
ਦੱਸਿਆ ਜਾਂਦਾ ਹੈ ਕਿ ਇਸ ਜਾਂਚ ਦੌਰਾਨ ਭਾਰਤ ਵੱਲੋਂ ਮੁਹੱਈਆ ਕਰਾਈ ਗਈ ਜਾਣਕਾਰੀ ਦੇ ਸਾਰੇ ਪਹਿਲੂਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ। ਪਾਕਿਸਤਾਨ ਨੇ ਸਰਵਿਸ ਪ੍ਰੋਵਾਈਡਰਾਂ ਨੂੰ ਡੇਟਾ ਸਬੰਧੀ ਜਾਣਕਾਰੀ ਦੇ ਕੇ ਭਾਰਤ ਵੱਲੋਂ ਦਿੱਤੇ GSM ਸਬੰਧੀ ਕਾਨਟੈਕਟਸ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ। ਇਸ ਤੋਂ ਇਲਾਵਾ ਅਮਰੀਕੀ ਸਰਕਾਰ ਨੂੰ ਵੀ Whatsapp ਤੋਂ ਸਹਾਇਤਾ ਲਈ ਬੇਨਤੀ ਕੀਤੀ ਗਈ ਹੈ।
ਰਾਜਦੂਤਾਂ ਨੂੰ ਦੱਸਿਆ ਗਿਆ ਸੀ ਕਿ ਪਾਕਿਸਤਾਨ ਵੱਲੋਂ ਹਿਰਾਸਤ ਵਿੱਚ ਲਏ ਗਏ 54 ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਹਾਲੇ ਤਕ ਉਨ੍ਹਾਂ ਦੇ ਪੁਲਵਾਮਾ ਹਮਲੇ ਨਾਲ ਕਿਸੇ ਤਰ੍ਹਾਂ ਦੇ ਸਬੰਧ ਹੋਣ ਦਾ ਕੋਈ ਵੇਰਵਾ ਨਹੀਂ ਮਿਲਿਆ।
ਇਸੇ ਤਰ੍ਹਾਂ ਪਾਕਿਸਤਾਨ ਨੇ ਭਾਰਤ ਵੱਲੋਂ ਸਾਂਝੇ ਕੀਤੀਆਂ 22 ਪਿੰਨ ਲੋਕੇਸ਼ਨਜ਼ ਦੀ ਵੀ ਜਾਂਚ ਕੀਤੀ ਹੈ ਪਰ ਉਸ ਵੱਲੋਂ ਕਿਹਾ ਗਿਆ ਹੈ ਕਿ ਅਜਿਹੇ ਕੋਈ ਕੈਂਪ ਮੌਜੂਦ ਹੀ ਨਹੀਂ ਹਨ। ਹਾਲਾਂਕਿ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਇਨ੍ਹਾਂ ਸਥਾਨਾਂ ਦੌਰਾ ਕਰਨ ਦੀ ਇਜਾਜ਼ਤ ਦੇਣ ਲਈ ਤਿਆਰ ਹੈ।