ਲਾਹੌਰ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਿੱਥੇ ਕਰਤਾਰਪੁਰ ਸਾਹਿਬ ਲਾਂਘਾ ਵਿਸ਼ੇਸ਼ ਅਹਿਮੀਅਤ ਰੱਖਦਾ ਹੈ, ਉੱਥੇ ਹੀ ਗੁਆਂਢੀ ਦੇਸ਼ ਵਿੱਚ ਸਥਿਤ ਹੋਰਨਾਂ ਗੁਰਧਾਮਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ। ਇਸ ਵਾਰ ਪਾਕਿਸਤਾਨ ਆਮ ਯਾਤਰਾਵਾਂ ਨਾਲੋਂ ਤਿੰਨ ਗੁਣਾ ਵਧੇਰੇ ਵੀਜ਼ਾ ਜਾਰੀ ਕਰੇਗਾ।


ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਸਰਵਰ ਅੱਜ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਏ। ਇੱਥੇ ਉਨ੍ਹਾਂ ਐਲਾਨ ਕੀਤਾ ਕਿ ਪਾਕਿਸਤਾਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 10 ਹਜ਼ਾਰ ਭਾਰਤੀ ਸ਼ਰਧਾਲੂਆਂ ਨੂੰ ਵੀਜ਼ਾ ਦੇਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਨਨਕਾਣਾ ਸਾਹਿਬ ਵਿਖੇ ਦੋ ਟੈਂਟ ਸਿਟੀ ਸਥਾਪਤ ਕੀਤੇ ਜਾਣਗੇ ਤਾਂ ਜੋ ਸ਼ਰਧਾਲੂਆਂ ਨੂੰ ਠਹਿਰਨ ਵਿੱਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਚੌਧਰੀ ਸਰਵਰ ਨੇ ਕਿਹਾ ਕਿ ਇਸ ਵਾਰ ਦੇਸ਼-ਵਿਦੇਸ਼ ਤੋਂ ਤਕਰੀਬਨ ਇੱਕ ਲੱਖ ਸ਼ਰਧਾਲੂਆਂ ਨੇ ਨਨਕਾਣਾ ਸਾਹਿਬ ਪੁੱਜਣ ਦੀ ਆਸ ਹੈ ਇਸ ਲਈ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਜਨਮ ਅਸਥਾਨ ਗੁਰੂ ਨਾਨਕ ਲਈ ਵਿਸ਼ੇਸ਼ ਸੁਰੰਗ ਉਸਾਰੀ ਜਾਵੇਗੀ। ਗਵਰਨਰ ਨੇ ਸ਼ਰਧਾਲੂਆਂ ਨੂੰ ਕਿਸੇ ਹੋਰ ਦੇਸ਼ ਦੀ ਕਰੰਸੀ ਦੀ ਬਜਾਏ ਅਮਰੀਕੀ ਡਾਲਰ ਲੈ ਕੇ ਆਉਣ ਦੀ ਸਲਾਹ ਵੀ ਦਿੱਤੀ ਹੈ।