ਇਸਲਾਮਾਬਾਦ: ਪਾਕਿਸਤਾਨੀ ਫੌਜ ਨੇ ਭਾਰਤ ਨੂੰ ਕਰੜੀ ਚੇਤਾਵਨੀ ਦਿੱਤੀ ਹੈ। ਪਾਕਿ ਫੌਜ ਨੇ ਕਿਹਾ ਹੈ ਕਿ ਸਰਹੱਦ ਪਾਰ ਭਾਰਤ ਕਿਸੇ ਵੀ ਹਰਕਤ ਦੇ ਮੂੰਹਤੋੜ ਜਵਾਬ ਲਈ ਤਿਆਰ ਰਹੇ। ਪਾਕਿ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ਦੀ ਫੌਜ ਦੀ ਸਮਰੱਥਾ ਨੂੰ ਘੱਟ ਕਰਕੇ ਨਹੀਂ ਵੇਖਣਾ ਚਾਹੀਦਾ।


ਗਫੂਰ ਨੇ ਕਿਹਾ ਕਿ ਜੇਕਰ ਭਾਰਤ ਸਰਹੱਦ ਪਾਰ ਕੋਈ ਵੀ ਹਰਕਤ ਕਰਦਾ ਹੈ ਕਿ ਉਸ ਦਾ ਮੂੰਹਤੋੜ ਜਵਾਬ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਕਿਸੇ ਵੀ ਕਾਰਵਾਈ ਦਾ ਜਵਾਬ ਦੇਣ ਲਈ ਪਾਕਿ ਫੌਜ ਤਿਆਰ-ਬਰ-ਤਿਆਰ ਹੈ। ਗਫੂਰ ਨੇ ਭਾਰਤ ਉੱਪਰ ਸਾਲ 2018 ਵਿੱਚ ਸਰਹੱਦ 'ਤੇ ਗੋਲਬਾਰੀ ਵਿੱਚ 30 ਪਾਕਿ ਨਾਗਰਿਕ ਮਾਰਨ ਦਾ ਇਲਜ਼ਾਮ ਲਾਇਆ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਖੇਤਰ ਵਿੱਚ ਸ਼ਾਂਤੀ ਹਾਂਪੱਥੀ ਭੂਮਿਕਾ ਨਿਭਾਈ ਹੈ। ਜੇਕਰ ਭਾਰਤ ਆਫਗਾਨਿਸਤਾਨ ਜਾਂ ਕੰਟਰੋਲ ਰੇਖਾ ਜ਼ਰੀਏ ਪਾਕਿਸਤਾਨ ਵਿੱਚ ਗੜਬੜੀ ਵਧਾਉਂਦਾ ਹੈ ਕਿ ਇਹ ਭਾਰਤ ਲਈ ਵੀ ਚੰਗਾ ਨਹੀਂ ਹੋਏਗਾ।