ਪਰਵੇਜ਼ ਸੰਧੂ

ਵੈਨਕੂਵਰ: ਕੈਨੇਡਾ ਦੇ ਸਰੀ ਤੋਂ ਕੁਝ ਹੀ ਦੂਰੀ ਤੇ ਪੈਂਦੇ ਇਲਾਕੇ ਮਿਸ਼ਨ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਬੁੱਧਵਾਰ ਰਾਤ ਵਾਪਰੀ ਘਟਨਾ ਵਿੱਚ ਮਾਰੇ ਗਏ ਨੌਜਵਾਨ ਦੀ ਪਛਾਣ ਵਰਿੰਦਰਪਾਲ ਗਿੱਲ ਉਰਫ ਵੀ.ਪੀ. ਵਜੋਂ ਹੋਈ ਹੈ। 19 ਸਾਲਾ ਵਰਿੰਦਰਪਾਲ ਦੀ ਮੌਤ ਗੈਂਗਵਾਰ ਕਰ ਕੇ ਹੋਈ ਹੈ। ਵਰਿੰਦਰਪਾਲ ਗਿੱਲ ਉਹੀ ਨੌਜਵਾਨ ਹੈ, ਜਿਸ ਬਾਰੇ ਅਗਸਤ ਵਿੱਚ ਐਬਟਸਫੋਰਡ ਪੁਲਿਸ ਨੇ ਲੋਕਾਂ ਨੂੰ ਸੁਚੇਤ ਸਾਵਧਾਨ ਕੀਤਾ ਸੀ। ਉਸ ਮੌਕੇ ਪੁਲਿਸ ਦਾ ਮੰਨਣਾ ਸੀ ਕਿ, ਇਸ ਨੌਜਵਾਨ ਦੀ ਮੌਜੂਦਗੀ ਲੋਕਾਂ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ।

ਮਾਮਲੇ ਦੀ ਜਾਂਚ ਕਰ ਰਹੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਇੱਕ ਸ਼ਖ਼ਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਪਰ ਹਾਲੇ ਉਸ 'ਤੇ ਕੋਈ ਇਲਜ਼ਾਮ ਤੈਅ ਨਹੀਂ ਹੋਏ। ਇਹ ਵੀ ਆਖਿਆ ਜਾ ਰਿਹਾ ਹੈ ਕਿ, ਸ਼ਖਸ ਸਿਰਫ ਜਾਣਕਾਰੀ ਹਾਸਲ ਕਰਨ ਲਈ ਹਿਰਾਸਤ ਵਿੱਚ ਲਿਆ ਗਿਆ ਹੈ।

ਲੰਡਨ ਐਵੀਨਿਊ ਕੋਲ ਸਥਿਤ ਜੰਕਸ਼ਨ ਸ਼ੌਪਿੰਗ ਸੈਂਟਰ ਦੀ ਪਾਰਕਿੰਗ ਬੀਤੀ ਰਾਤ ਕਰੀਬ 9 ਵਜੇ ਗੋਲ਼ੀਆਂ ਦੀਆਂ ਆਵਾਜ਼ਾ ਨਾਲ ਗੂੰਜ ਉੱਠੀ। ਪੁਲਿਸ ਮਾਮਲੇ ਵਿੱਚ ਸੀਸੀਟੀਵੀ ਤਸਵੀਰਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਸੀ ਕਿ, ਵਰਿੰਦਰਪਾਲ ਗਿੱਲ ਐਬਟਸਫੋਰਡ ਅਤੇ ਲੋਅਰ ਮੇਨਲੈਂਡ ਵਿਚ ਜਾਰੀ ਗੈਂਗ ਸੰਬੰਧੀ ਝਗੜੇ ਵਿਚ ਸ਼ਾਮਲ ਹੈ।

ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਸੀ ਕਿ ਜ਼ਿਦਾਤਰ ਗੋਲ਼ੀ ਚੱਲਣ ਦੀਆਂ ਵਾਰਦਾਤਾਂ ਜਨਤਕ ਥਾਵਾਂ 'ਤੇ ਹੁੰਦੀਆਂ ਹਨ ਅਤੇ ਇਸੇ ਕਾਰਨ ਵਰਿੰਦਰਪਾਲ ਗਿੱਲ ਦੀ ਮੌਜੂਦਗੀ ਲੋਕਾਂ ਦੀ ਸੁਰਖਿੱਆ 'ਤੇ ਸਵਾਲ ਖੜ੍ਹੇ ਕਰ ਸਕਦੀ ਹੈ। ਪੁਲਿਸ ਦਾ ਇਹ ਵੀ ਮੰਨਣਾ ਸੀ ਕਿ ਗਿੱਲ ਕਰਕੇ ਹੋਰ ਗੈਂਗ ਦੇ ਲੋਕਾਂ ਲਈ ਵੀ ਖਤਰਾ ਹੈ, ਅਤੇ ਉਹ ਖ਼ੁਦ ਵੀ ਖਤਰੇ ਦਾ ਸਾਹਮਣਾ ਕਰ ਰਿਹਾ ਹੈ।