ਵਾਸ਼ਿੰਗਟਨ: ਦਵਾਈਆਂ ਦੀ ਸਨਅਤ ਦੇ ਭਾਰਤੀ-ਅਮਰੀਕੀ ਅਰਬਪਤੀ ਜੌਨ ਨਾਥ ਕਪੂਰ (74) ਨੂੰ ਐਫ਼.ਬੀ.ਆਈ. ਨੇ ਉਸ ਦੇ ਐਰੀਜ਼ੋਨਾ ਵਾਲੇ ਘਰ ਤੋਂ ਗ੍ਰਿਫਤਾਰ ਕੀਤਾ ਹੈ। ਜੌਨ 'ਤੇ ਅਮਰੀਕਾ 'ਚ ਇਕ ਸਾਜ਼ਿਸ਼ ਦੀ ਅਗਵਾਈ ਕਰਨ ਦਾ ਇਲਜ਼ਾਮ ਹੈ। ਇਸ ਤਹਿਤ ਉਸ ਨੇ ਮਰੀਜ਼ਾਂ ਨੂੰ ਓਪੀਆਇਡ ਦਾ ਪਾਵਰਫੁਲ ਡੋਜ਼ ਲਿਖਣ ਲਈ ਡਾਕਟਰਾਂ ਨੂੰ ਰਿਸ਼ਵਤ ਦਿੱਤੀ ਸੀ।
ਉਸ ਨੇ ਜ਼ਿਆਦਾ ਮੁਨਾਫਾ ਕਮਾਉਣ ਲਈ ਬੀਮਾ ਕੰਪਨੀਆਂ ਨੂੰ ਵੀ ਧੋਖਾ ਦਿੱਤਾ। ਕਪੂਰ 'ਤੇ ਧਮਕਾਉਣ, ਸਾਜ਼ਿਸ਼ ਰਚਣ ਅਤੇ ਧੋਖਾਧੜੀ ਨਾਲ ਜੁੜੀਆਂ ਧਾਰਾਵਾਂ ਵੀ ਲਾਈਆਂ ਗਈਆਂ ਹਨ।
ਅਟਾਰਨੀ ਜਨਰਲ ਜੈਫ ਸੇਸ਼ੰਜ ਨੇ ਦੱਸਿਆ ਕਿ ਸਿੰਥੈਟਿਕ ਓਪੀਆਇਡ ਦੇ ਕਾਰਨ ਪਿਛਲੇ ਸਾਲ 20,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਓਵਰਡੋਜ਼ ਕਾਰਨ ਲੱਖਾਂ ਲੋਕ ਇਸ ਦੇ ਆਦੀ ਵੀ ਹੋ ਚੁੱਕੇ ਹਨ।
ਅੰਮ੍ਰਿਤਸਰ 'ਚ ਪੈਦਾ ਹੋਏ ਕਾਰੋਬਾਰੀ ਜੌਨ ਨਾਥ ਕਪੂਰ ਨੂੰ ਲੋਕ ਹਿੱਤਾਂ ਲਈ ਕੰਮ ਕਰਨ ਵਾਲੇ ਵਜੋਂ ਜਾਣਿਆ ਜਾਂਦਾ ਹੈ। ਉਹ 1960 'ਚ ਭਾਰਤ ਤੋਂ ਅਮਰੀਕਾ ਚਲੇ ਗਏ ਸਨ। ਉਹ ਦਵਾਈਆਂ ਦੀ ਕੰਪਨੀ ਇਨਸਿਸ ਥੇਰੇਪੈਟਿਕਸ ਦੇ ਬੋਰਡ ਮੈਂਬਰ ਹਨ। ਜੂਨ 2006 ਤੋਂ ਜਨਵਰੀ 2017 ਤੱਕ ਉਹ ਕੰਪਨੀ ਦੇ ਐਗਜ਼ੀਕਿਊਟਿਵ ਚੇਅਰਮੈਨ ਵੀ ਰਹੇ।