ਲੰਡਨ: ਪੰਜਾਬੀ ਮੂਲ ਦੇ ਡੀਜੇ ਨੂੰ 837,000 ਪੌਂਡ ਦੀ ਕੀਮਤ ਦੇ ਜਾਅਲੀ ਦਾਅਵੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਕੈਦ ਹੋ ਸਕਦੀ ਹੈ। ਡੀਜੇ ਸੰਨੀ ਯਾਨੀ ਸੰਦੀਪ ਸਿੰਘ ਅਟਵਾਲ ਨੇ ਕੰਮ ਦੌਰਾਨ ਮਾਮੂਲੀ ਫੱਟੜ ਹੋਣ ਤੋਂ ਬਾਅਦ ਯੂਕੇ ਸਰਕਾਰ ਵੱਲੋਂ ਫੰਡ ਕੀਤੀ ਜਾਣ ਵਾਲੀ ਸੰਸਥਾ ਨੈਸ਼ਨਲ ਹੈਲਥ ਸਰਵਿਸ 'ਤੇ ਮੰਦੀਆਂ ਸਿਹਤ ਸੇਵਾਵਾਂ ਦੇਣ ਦਾ ਕੇਸ ਕੀਤਾ ਸੀ।
33 ਸਾਲਾ ਸੰਦੀਪ ਸਿੰਘ ਅਟਵਾਲ ਨੂੰ 14 ਪੇਸ਼ੀਆਂ ਦੌਰਾਨ ਦੋਸ਼ੀ ਪਾਇਆ ਗਿਆ ਹੈ ਤੇ ਉਸ ਨੂੰ ਪਹਿਲੀ ਜੂਨ ਨੂੰ ਸਜ਼ਾ ਦਾ ਐਲਾਨ ਹੋ ਸਕਦਾ ਹੈ। ਮਾਮਲਾ 2008 ਦਾ ਹੈ ਜਦੋਂ ਅਟਵਾਨ ਆਪਣੇ ਪਰਿਵਾਰਕ ਟੈਕਸੀ ਕਾਰੋਬਾਰ ਲਈ ਕੰਮ ਕਰ ਰਿਹਾ ਸੀ ਤਾਂ ਉਸ 'ਤੇ ਬੇਸਬਾਲ ਨਾਲ ਹਮਲਾ ਹੋਇਆ ਸੀ। ਉਸ ਨੇ ਹੱਥ ਦੇ ਉਂਗਲੀ ਦੀਆਂ ਹੱਡੀਆਂ ਟੁੱਟਣ ਦਾ ਇਲਾਜ ਹਡਰਜ਼ਫੀਲਡ ਰੌਇਲ ਇਨਫਿਰਮੇਰੀ ਤੋਂ ਕਰਵਾਇਆ ਸੀ।
ਇਲਾਜ ਤੋਂ ਬਾਅਦ ਉਸ ਨੇ ਐਨਐਚਐਸ ਵਿਰੁੱਧ ਨਾਅਹਿਲੀਅਤ ਦਾ ਮੁਕੱਦਮਾ ਦਾਇਰ ਕਰ ਦਿੱਤਾ ਤੇ ਟਰੱਸਟ ਨੇ ਉਸ ਨੂੰ ਕੇਸ ਵਾਪਸ ਲੈਣ ਲਈ 30,000 ਪੌਂਡ ਦੀ ਪੇਸ਼ਕਸ਼ ਕੀਤੀ। ਪਰ ਅਟਵਾਲ 837,109 ਪੌਂਡ ਦਾ ਦਾਅਵਾ ਕੀਤਾ।
ਇੰਨੇ ਵੱਡੇ ਕਲੇਮ ਨੂੰ ਸਾਰਖਕ ਬਣਾਉਣ ਲਈ ਅਟਵਾਲ ਨੇ ਖ਼ੁਦ ਨੂੰ ਅਪਾਹਜ ਵਜੋਂ ਪੇਸ਼ ਕੀਤਾ ਜਿਸ ਨੇ ਆਪਣੇ ਬੁੱਲ੍ਹਾਂ ਤੇ ਹੱਥਾਂ ਦੀ ਚੇਤਨਾ ਗੁਆ ਲਈ ਤੇ ਇਸ ਕਾਰਨ ਉਸ ਦੇ ਸਮਾਜਕ ਰਿਸ਼ਤੇ ਪ੍ਰਭਾਵਿਤ ਹੋ ਗਏ ਤੇ ਇਸ ਲਈ ਉਹ ਦਰਦ ਨਾਸ਼ਕਾਂ ਤੇ ਸ਼ਰਾਬ 'ਤੇ ਨਿਰਭਰ ਹੋ ਗਿਆ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਐਨਐਚਐਸ ਦੀ ਅਣਗਹਿਲੀ ਕਾਰਨ ਉਹ 2010 ਤੋਂ 2015 ਤਕ ਕੋਈ ਕੰਮ ਵੀ ਨਹੀਂ ਕਰ ਸਕਿਆ।
ਪਰ ਐਨਐਚਐਸ ਟਰੱਸਟ ਨੂੰ ਦਾਲ਼ ਵਿੱਚ ਕੁਝ ਕਾਲਾ ਲੱਗਾ ਤੇ ਉਸ ਨੇ ਅਟਵਾਲ 'ਤੇ ਨਜ਼ਰ ਰੱਖੀ। ਟਰੱਸਟ ਵੱਲੋਂ ਉਸ ਦੇ ਸੋਸ਼ਲ ਮੀਡੀਆ ਦੀਆਂ ਗਤੀਵਿਧੀਆਂ ਅਦਾਲਤ ਸਾਹਮਣੇ ਪੇਸ਼ ਕੀਤੀਆਂ, ਜਿਨ੍ਹਾਂ ਤੋਂ ਉਹ ਫਸ ਗਿਆ। ਜਸਟਿਸ ਸਪੈਂਸਰ ਨੇ ਵੇਖਿਆ ਕਿ ਅਟਵਾਲ ਕਾਫੀ ਭਾਰ ਚੁੱਕ ਸਕਦਾ ਹੈ ਤੇ ਉਸ ਦੇ ਚਿਹਰੇ 'ਤੇ ਬਿਮਾਰੀ ਤੋਂ ਪੀੜਤ ਹੋਣ ਸਬੰਧੀ ਕੋਈ ਸੰਕੇਤ ਜਾਂ ਹਾਵ-ਭਾਵ ਨਹੀਂ ਸਨ। ਸਬੂਤ ਵੇਖ ਜੱਜ ਨੇ ਉਸ ਨੂੰ ਅਦਾਲਤ ਦੀ ਹੱਤਕ ਕਰਨ ਦਾ ਦੋਸ਼ੀ ਠਹਿਰਾ ਦਿੱਤਾ ਹੈ, ਇਸ ਲਈ ਉਸ ਨੂੰ ਇੱਕ ਜੂਨ ਨੂੰ ਸਜ਼ਾ ਦਾ ਐਲਾਨ ਵੀ ਹੋ ਸਕਦਾ ਹੈ।