ਓਟਾਵਾ: ਬੀਤੀ ਛੇ ਅਪ੍ਰੈਲ ਨੂੰ ਟਰੱਕ ਤੇ ਬੱਸ ਦਰਮਿਆਨ ਵਾਪਰੇ ਦਰਦਨਾਕ ਹਾਦਸੇ ਵਿੱਚ 16 ਲੋਕਾਂ ਦੀ ਮੌਤ ਤੋਂ ਬਾਅਦ ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਨੇਡਾਈ ਮੀਡੀਆ ਮੁਤਾਬਕ ਸਿੱਧੂ ਦੀ ਨੂੰ ਬੀਤੇ ਸ਼ੁੱਕਰਵਾਰ ਦੀ ਸਵੇਰ ਉਸ ਦੇ ਕੈਲਗਿਰੀ ਸਥਿਤ ਘਰ 'ਚੋਂ ਗ੍ਰਿਫ਼ਤਾਰ ਕੀਤਾ ਗਿਆ। ਜਸਕੀਰਤ ਸਿੰਘ ਨੂੰ ਸਸਕੈਚਵਨ ਅਦਾਲਤ ਵਿੱਚ ਅਗਲੇ ਹਫ਼ਤੇ ਪੇਸ਼ ਕੀਤਾ ਜਾਵੇਗਾ। ਸਿੱਧੂ ਉੱਪਰ ਕੁੱਲ 29 ਧਾਰਾਵਾਂ ਲੱਗੀਆਂ ਹਨ। ਖ਼ਤਰਨਾਕ ਡਰਾਈਵਿੰਗ ਦੇ ਦੋਸ਼ ਵਿੱਚ ਕੈਨੇਡਾ ਵਿੱਚ ਵਧ ਤੋਂ ਵਧ 14 ਸਾਲ ਦੀ ਸਜ਼ਾ ਹੋ ਸਕਦੀ ਹੈ।
29 ਸਾਲਾ ਭਾਰਤੀ ਮੂਲ ਦੇ ਟਰੱਕ ਨਾਲ 16 ਜਣਿਆਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ ਜੂਨੀਅਰ ਹਾਕੀ ਟੀਮ ਦੇ 10 ਖ਼ਿਡਾਰੀਆਂ ਸਮੇਤ ਕੁੱਲ 16 ਵਿਅਕਤੀ ਮਾਰੇ ਗਏ ਸਨ ਅਤੇ 13 ਜ਼ਖ਼ਮੀ ਹੋਏ ਸਨ। ਜ਼ਖ਼ਮੀਆਂ ਵਿੱਚੋਂ ਕਈ ਅਜੇ ਵੀ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ।
ਸੀਬੀਸੀ ਦੀ ਰਿਪੋਰਟ ਮੁਤਾਬ ਮੁਲਜ਼ਮ ਸਿੱਧੂ ਆਦੇਸ਼ ਦਿਓਲ ਟਰੱਕ ਕੰਪਨੀ ਲਿਮਟਿਡ ਦੇ ਮਾਲਕ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਹ ਹਾਦਸੇ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ ਹੀ ਇੱਥੇ ਕੰਮ 'ਤੇ ਆਇਆ ਸੀ। ਉਨ੍ਹਾਂ ਦੱਸਿਆ ਕਿ ਜਸਕੀਰਤ ਨੂੰ ਦੋ ਹਫ਼ਤੇ ਉਨ੍ਹਾਂ ਸਿਖਲਾਈ ਦਿੱਤੀ ਤੇ ਹਾਦਸੇ ਤੋਂ ਦੋ ਹਫ਼ਤੇ ਪਹਿਲਾਂ ਉਹ ਆਪ ਚਲਾਉਣ ਲੱਗ ਪਿਆ ਸੀ।
ਹਾਦਸੇ ਵਿੱਚ ਸਿੱਧੂ ਨੂੰ ਕੋਈ ਸੱਟ ਨਹੀਂ ਲੱਗੀ। ਉਹ ਸਾਲ 2013 ਵਿੱਚ ਵਿੱਦਿਅਕ ਵੀਜ਼ਾ ਲੈ ਕੇ ਕੈਨੇਡਾ ਆਇਆ ਸੀ ਤੇ ਬਾਅਦ ਵਿੱਚ ਇੱਥੇ ਪੱਕਾ ਹੋ ਗਿਆ ਸੀ। ਹਾਦਸੇ ਵਾਲੇ ਦਿਨ ਉਹ ਹਾਈਵੇਅ 335 'ਤੇ ਜਾ ਰਿਹਾ ਸੀ ਤੇ ਖਿਡਾਰੀਆਂ ਨਾਲ ਭਰੀ ਬੱਸ ਹਾਈਵੇਅ 35 ਤੋਂ ਨਿਪਾਵਿਨ ਵੱਲ ਜਾ ਰਹੀ ਸੀ। ਹਾਦਸੇ ਵਾਲੀ ਥਾਂ 'ਤੇ ਦੋਵੇਂ ਸੜਕਾਂ ਦਾ ਮੇਲ ਹੁੰਦਾ ਹੈ ਤੇ ਉੱਥੇ ਬਾਕਾਇਦਾ ਸਟੌਪ ਸਿਗਨਲ ਵੀ ਲੱਗਾ ਹੋਇਆ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।