ਨਵੀਂ ਦਿੱਲੀ: ਥਾਈਲੈਂਡ ਦੀ ਗੁਫਾ 'ਚ ਫਸੇ ਥਾਈਲੈਂਡ ਫੁਟਬਾਲ ਟੀਮ ਦੇ 12 ਬੱਚਿਆਂ ਵਿੱਚੋਂ 6 ਨੂੰ ਅੱਜ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬਚਾਅ ਟੀਮ ਦੇ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਇਹ ਬੱਚੇ ਹਸਪਤਾਲ 'ਚ ਜ਼ੇਰੇ ਇਲਾਜ ਹਨ। ਬਚਾਅ ਅਧਿਕਾਰੀਆਂ ਮੁਤਾਬਕ ਪਹਿਲਾਂ ਦੋ ਬੱਚਿਆਂ ਨੂੰ ਕੱਢਿਆ ਗਿਆ ਸੀ ਜਦਕਿ ਉਸ ਤੋਂ ਕੁੱਝ ਦੇਰ ਬਾਅਦ ਹੀ ਚਾਰ ਹੋਰ ਬੱਚਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।
ਹੁਣ ਬਾਕੀ 6 ਬੱਚੇ ਤੇ ਉਨ੍ਹਾਂ ਦਾ ਕੋਚ ਗੁਫਾ 'ਚ ਬਾਕੀ ਬਚੇ ਹਨ। ਬਚਾਅ ਅਧਿਕਾਰੀਆਂ ਮੁਤਾਬਕ ਟੀਮਾਂ ਆਪਣੇ ਕਾਰਜ 'ਚ ਜੁੱਟੀਆਂ ਹੋਈਆਂ ਹਨ ਤੇ ਜਲਦ ਹੀ ਉਨ੍ਹਾਂ ਨੂੰ ਵੀ ਸੁਰੱਖਿਅਤ ਕੱਢ ਲਿਆ ਜਾਵੇਗਾ। ।
ਜ਼ਿਕਰਯੋਗ ਹੈ ਕਿ ਥਾਈਲੈਂਡ ਦੀ ਅੰਡਰ-16 ਫੁਟਬਾਲ ਟੀਮ ਦੇ 12 ਬੱਚੇ ਤੇ ਉਨ੍ਹਾਂ ਦਾ 25 ਸਾਲਾ ਕੋਚ 23 ਜੂਨ ਨੂੰ ਲਾਪਤਾ ਹੋ ਗਏ ਸੀ। ਮੰਨਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਦੀ ਵਜ੍ਹਾ ਕਰਕੇ ਉਨ੍ਹਾਂ ਗੁਫ਼ਾ ਅੰਦਰ ਪਨਾਹ ਲਈ ਸੀ ਪਰ ਗੁਫਾ ਅੰਦਰ ਮੀਂਹ ਦਾ ਪਾਣੀ ਭਰ ਜਾਣ ਕਾਰਨ ਗੁਫਾ ਦਾ ਪ੍ਰਵੇਸ਼ ਦਵਾਰ ਬੰਦ ਹੋ ਗਿਆ।
ਇਸ ਕਾਰਨ ਉਹ ਸਾਰੇ ਗੁਫ਼ਾ ਦੇ ਅੰਦਰ ਫਸ ਗਏ ਸਨ। ਬੱਚਿਆਂ ਦੀ ਉਮਰ 11 ਤੋਂ 16 ਸਾਲ ਦੱਸੀ ਜਾ ਰਹੀ ਹੈ। ਕਰੀਬ 6 ਦੇਸ਼ਾਂ ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।