ਪੜਚੋਲ ਕਰੋ
'ਰਾਇਸ਼ੁਮਾਰੀ 2020' 'ਤੇ ਪੰਥਕ ਜਥੇਬੰਦੀਆਂ ਨੇ ਉਠਾਏ ਸਵਾਲ !

ਚੰਡੀਗੜ੍ਹ: ਮਨੁੱਖੀ ਹੱਕਾਂ ਲਈ ਕੰਮ ਕਰਦੀ ਜਥੇਬੰਦੀ ਸਿੱਖਜ਼ ਫਾਰ ਜਸਟਿਸ ਵੱਲੋਂ ਕਰਾਈ ਜਾ ਰਹੀ ਰਾਇਸ਼ੁਮਾਰੀ 2020 'ਤੇ ਕਈ ਹਮਾਇਤੀ ਸਿੱਖ ਜਥੇਬੰਦੀਆਂ ਨੂੰ ਵੀ ਸ਼ੰਕੇ ਹਨ। ਪੰਜਾਬ ਵਿੱਚ ਇੱਕ ਪਾਸੇ ਕਾਂਗਰਸ ਤੇ ਅਕਾਲੀ ਦਲ ਸਣੇ ਕਈ ਸਿਆਸੀ ਧਿਰਾਂ ਵੱਲੋਂ ਇਸ ਦੀ ਅਲੋਚਨਾ ਕੀਤੀ ਜਾ ਰਹੀ ਹੈ, ਦੂਜੇ ਪਾਸੇ ਰਾਇਸ਼ੁਮਾਰੀ 2020 ਦੀ ਹਮਾਇਤ ਕਰ ਰਹੀਆਂ ਪਾਰਟੀਆਂ ਦਲ ਖ਼ਾਲਸਾ ਤੇ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਕਈ ਸਵਾਲ ਉਠਾਏ ਹਨ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖਜ਼ ਫਾਰ ਜਸਟਿਸ ਦੇ ਸੰਚਾਲਕ ਗੁਰਪਤਵੰਤ ਸਿੰਘ ਪੰਨੂ ਨੂੰ ਚਿੱਠੀ ਭੇਜੀ ਗਈ ਹੈ। ਇਸ ਵਿੱਚ ਉਨ੍ਹਾਂ ਕੁਝ ਸ਼ੰਕੇ ਉਭਾਰੇ ਹਨ ਤੇ 12 ਅਗਸਤ ਨੂੰ ਲੰਡਨ ਵਿੱਚ ਹੋਣ ਵਾਲੀ ਕਾਨਫਰੰਸ ਵਿੱਚ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਇਸ ਪੱਤਰ ਵਿੱਚ ਉਨ੍ਹਾਂ ਆਖਿਆ ਕਿ ਇਨ੍ਹਾਂ ਖ਼ਦਸ਼ਿਆਂ ਤੇ ਚਿੰਤਾਵਾਂ ਨੂੰ ਕਾਨਫਰੰਸ ਦਾ ਵਿਰੋਧ ਨਾ ਸਮਝਿਆ ਜਾਵੇ। ਦੋ ਸਫਿਆਂ ਦੇ ਇਸ ਪੱਤਰ ਵਿੱਚ ਉਨ੍ਹਾਂ 8 ਪ੍ਰਸ਼ਨਾਂ ਦੇ ਉੱਤਰ ਮੰਗੇ ਹਨ, ਤਾਂ ਜੋ ਸਿੱਖ ਕੌਮ ਅੱਗੇ ਰਾਇਸ਼ੁਮਾਰੀ 2020 ਸਬੰਧੀ ਸਥਿਤੀ ਸਪਸ਼ਟ ਹੋ ਸਕੇ। ਉਨ੍ਹਾਂ ਪੁੱਛਿਆ ਕਿ ਇਹ ਸਪੱਸ਼ਟ ਕੀਤਾ ਜਾਵੇ ਕਿ ਪੰਜਾਬ ਵਿੱਚ ਇਹ ਰਾਇਸ਼ੁਮਾਰੀ ਕਿਸ ਤਰ੍ਹਾਂ ਹੋਵੇਗੀ ਤੇ ਕੌਣ ਕਰਾਵੇਗਾ। ਰਾਇਸ਼ੁਮਾਰੀ ਸੰਯੁਕਤ ਰਾਸ਼ਟਰ ਦੇ ਆਦੇਸ਼ਾਂ ਜਾਂ ਨਿਗਰਾਨੀ ਅਧੀਨ ਹੁੰਦੇ ਹੈ ਜਾਂ ਫਿਰ ਕਾਬਜ਼ ਦੇਸ਼ ਵੱਲੋਂ ਕਰਾਇਆ ਜਾਂਦਾ ਹੈ, ਪਰ ਇਸ ਪ੍ਰਸਤਾਵ ਵਿੱਚ ਅਜਿਹਾ ਕੁਝ ਵੀ ਸਪਸ਼ਟ ਨਹੀਂ। ਕੀ ਇਹ ਰਾਇਸ਼ੁਮਾਰੀ ਸੰਸਾਰ ਭਰ ਵਿੱਚ ਵਸੇ ਸਿੱਖਾਂ ਲਈ ਸੀਮਤ ਹੋਵੇਗੀ ਜਾਂ ਉਸ ਵਿੱਚ ਸਾਰੇ ਪੰਜਾਬੀ ਹਿੱਸਾ ਲੈ ਸਕਣਗੇ। ਇਹ ਕਿਵੇਂ ਤੈਅ ਹੋਵੇਗਾ ਕਿ ਕੌਣ ਪ੍ਰਮਾਣਿਤ ਵੋਟਰ ਹੈ ਤੇ ਇਹ ਫ਼ੈਸਲਾ ਕਰਨ ਦਾ ਹੱਕ ਕਿਸ ਕੋਲ ਹੋਵੇਗਾ ਕਿ ਕੌਣ ਸਹੀ ਵੋਟਰ ਹੈ। ਪੰਜਾਬ ਵਿੱਚ ਇਸ ਅੰਦੋਲਨ ਦੀ ਅਗਵਾਈ ਕੌਣ ਕਰੇਗਾ? ਕੀ ਅਜਿਹੀ ਕਾਰਵਾਈ ਪੰਜਾਬ ਅਤੇ ਭਾਰਤ ਵਿੱਚ ਸਰਕਾਰੀ ਤਸ਼ੱਦਦ ਨੂੰ ਸੱਦਾ ਦੇਵੇਗੀ ਤੇ ਆਮ ਲੋਕਾਂ ਦੀ ਰੱਖਿਆ ਲਈ ਕੌਣ ਜ਼ਿੰਮੇਵਾਰ ਹੋਵੇਗਾ। ਰਾਇਸ਼ੁਮਾਰੀ 2020 ਤੋਂ ਬਾਅਦ ਵੱਖਰਾ ਸਿੱਖ ਰਾਜ ਹੋਂਦ ਵਿੱਚ ਆਵੇਗਾ, ਕੀ ਅਜਿਹੀ ਧਾਰਨਾ ਨੂੰ ਫੈਲਾਉਣਾ ਲੋਕਾਂ ਨੂੰ ਧੋਖੇ ਵਿੱਚ ਰੱਖਣਾ ਨਹੀਂ ਹੋਵੇਗਾ। ਦੋਵਾਂ ਸਿੱਖ ਆਗੂਆਂ ਨੇ ਉਮੀਦ ਪ੍ਰਗਟਾਈ ਹੈ ਕਿ ਸਬੰਧਤ ਸਿੱਖ ਆਗੂ ਇਸ ਬਾਰੇ ਲੋਕਾਂ ਨੂੰ ਸਮੁੱਚੀ ਸਥਿਤੀ ਸਪਸ਼ਟ ਕਰਨਗੇ। ਦੋਵਾਂ ਪਾਰਟੀਆਂ ਨੇ ਉਮੀਦ ਪ੍ਰਗਟਾਈ ਹੈ ਕਿ ਸਬੰਧਤ ਸਿੱਖ ਆਗੂ ਇਸ ਬਾਰੇ ਲੋਕਾਂ ਨੂੰ ਸਮੁੱਚੀ ਸਥਿਤੀ ਸਪੱਸ਼ਟ ਕਰਨਗੇ। ਆਪਣੇ ਪੱਤਰ ਵਿੱਚ ਉਨ੍ਹਾਂ ਲਿਖਿਆ ਕਿ ਦੋਵੇਂ ਸਿੱਖ ਜਥੇਬੰਦੀਆਂ ਪੰਜਾਬ ਵਿੱਚ ਰਾਇਸ਼ੁਮਾਰੀ ਕਰਾਉਣ ਲਈ ਕਈ ਵਾਰ ਕੌਮੀ ਤੇ ਕੌਮਾਂਤਰੀ ਮੰਚ ’ਤੇ ਇਹ ਮਾਮਲਾ ਰੱਖ ਚੁੱਕੀਆਂ ਹਨ, ਜਿਸ ਕਾਰਨ ਦੋਵਾਂ ਜਥੇਬੰਦੀਆਂ ਨੂੰ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਨ੍ਹਾਂ ਦੇ ਆਗੂਆਂ ਖ਼ਿਲਾਫ਼ ਕਈ ਕੇਸ ਦਰਜ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਕੋਈ ਵੀ ਪ੍ਰਮੁੱਖ ਸਿਆਸੀ ਧਿਰ ਰਾਇਸ਼ੁਮਾਰੀ ਦੀ ਮੰਗ ਨਹੀਂ ਕਰ ਰਹੀ ਹੈ ਤੇ ਅਜਿਹੀ ਕੋਈ ਵਿਵਸਥਾ ਵੀ ਨਹੀਂ ਬਣਾਈ ਗਈ ਹੈ, ਜਿਸ ਰਾਹੀਂ ਸਮੁੱਚੀ ਸਿੱਖ ਕੌਮ ਦੀ ਇਸ ਸਬੰਧੀ ਰਾਏ ਨੂੰ ਯਕੀਨੀ ਬਣਾਇਆ ਜਾ ਸਕੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ




















