ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਤਾਜ਼ਾ ਧਮਕੀ ਮਿਲੀ ਹੈ। ਕੈਲੀਫੋਰਨੀਆ ਤੋਂ ਲੰਘੀ 10 ਜੂਨ ਨੂੰ "ਰੈਫਰੰਡਮ 2020-ਖਾਲਿਸਤਾਨ" ਦੇ ਸਮਾਗਮ ਦੌਰਾਨ ਹੋਈ ਇਸ ਘਟਨਾ ਕਾਰਨ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।

 

ਸਿੱਖਸ ਫਾਰ ਜਸਟਿਸ ਨਾਂ ਦੇ ਟਵਿੱਟਰ ਹੈਂਡਲ 'ਤੇ ਲਿਖਿਆ ਗਿਆ ਹੈ ਕਿ ਰਵਨੀਤ ਬਿੱਟੂ ਅਮਰੀਕਾ ਤੇ ਕੈਨੇਡਾ ਆਧਾਰਤ "ਰੈਫਰੰਡਮ 2020-ਖਾਲਿਸਤਾਨ" ਮੁਹਿੰਮ ਨਾਲ ਜੁੜੇ ਲੋਕਾਂ ਨੂੰ ਅੱਤਵਾਦੀ ਐਲਾਨਣ ਵੱਲ ਤੁਰੇ ਹੋਏ ਹਨ। ਇਹ ਵੀ ਲਿਖਿਆ ਗਿਆ ਹੈ ਕਿ ਬਿੱਟੂ ਦੀਆਂ ਕੋਸ਼ਿਸ਼ਾਂ ਦਾ ਪੂਰੇ ਜ਼ੋਰ ਨਾਲ ਕਾਨੂੰਨੀ ਵਿਰੋਧ ਵੀ ਕੀਤਾ ਜਾਵੇਗਾ। ਟਵੀਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਟੈਗ ਕੀਤਾ ਗਿਆ ਹੈ।

ਉੱਧਰ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਉਹ ਸਿੱਖਸ ਫਾਰ ਜਸਟਿਸ ਦੇ ਅਹੁਦੇਦਾਰਾਂ ਵਿਰੁੱਧ ਕੇਸ ਦਰਜ ਕਰਵਾਉਣ ਲਈ ਉਹ ਪੁਲਿਸ ਮੁਖੀ ਨੂੰ ਆਪਣੀ ਸ਼ਿਕਾਇਤ ਦੇਣਗੇ। ਇਨ੍ਹਾਂ ਮੁਲਜ਼ਮਾਂ ਨੂੰ ਭਾਰਤ ਲਿਆਉਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ।