ਲਾਸ ਏਂਜਲਸ : ਇਕ ਭਾਰਤਵੰਸ਼ੀ ਸਮੇਤ ਵਿਗਿਆਨਕਾਂ ਦੀ ਟੀਮ ਨੇ ਰੋਬੋਟ ਦੀ ਤਰਜ਼ 'ਤੇ ਇਕ ਅਜਿਹੀ ਸਵੈਚਾਲਿਤ ਮੋਲੇਕਿਊਲਰ ਮਸ਼ੀਨ ਬਣਾਈ ਹੈ ਜੋ ਨੈਨੋ ਸਕੇਲ 'ਤੇ ਕਿਸੇ ਕੰਮ ਨੂੰ ਅੰਜ਼ਾਮ ਦੇ ਸਕਦੀ ਹੈ। ਇਸ ਰੋਬੋਟ ਨੂੰ ਸਿੰਗਲ ਡੀਐੱਨਏ ਸਟਰੈਂਡ ਦੀ ਵਰਤੋਂ ਨਾਲ ਵਿਕਸਿਤ ਕੀਤਾ ਗਿਆ ਹੈ। ਇਹ ਰੋਬੋਟ ਕਿਸੇ ਸਤਹਿ ਦੇ ਚਾਰੋ ਪਾਸੇ ਖ਼ੁਦ ਚੱਲ ਸਕਦਾ ਹੈ ਅਤੇ ਖ਼ਾਸ ਅਣੂਆਂ ਨੂੰ ਚੁੱਕ ਕੇ ਤੈਅ ਕੀਤੇ ਗਏ ਥਾਂ 'ਤੇ ਪਹੁੰਚਾ ਸਕਦਾ ਹੈ। ਇਸ ਦੇ ਵਿਕਾਸ ਨਾਲ ਇਲਾਜ ਅਤੇ ਦਵਾਈ ਦੇਣ ਦੇ ਨਵੇਂ ਤਰੀਕਿਆਂ ਲਈ ਰਸਤਾ ਖੁੱਲ ਸਕਦਾ ਹੈ।
ਅਮਰੀਕਾ ਦੀ ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ 'ਚ ਅਸਿਸਟੈਂਟ ਪ੍ਰੋਫੈਸਰ ਲੁਲੂ ਕਿਯਾਨ ਨੇ ਕਿਹਾ ਕਿ ਜਿਸ ਤਰ੍ਹਾਂ ਇਲੈਕਟ੫ੋ ਮੈਕੇਨੀਕਲ ਰੋਬੋਟ ਮੰਗਲ ਗ੍ਰਹਿ ਵਰਗੇ ਦੂਰਦੁਰਾਡੇ ਥਾਵਾਂ 'ਤੇ ਭੇਜੇ ਜਾਂਦੇ ਹਨ ਉਸੇ ਤਰ੍ਹਾਂ ਅਸੀਂ ਮੋਲੇਕਿਊਲਰ ਰੋਬੋਟ ਨੂੰ ਉਨ੍ਹਾਂ ਅਤਿ ਸੂਖਮ ਥਾਵਾਂ 'ਤੇ ਭੇਜਾਂਗੇ ਜਿਥੇ ਇਨਸਾਨ ਨਹੀਂ ਪੁੱਜ ਸਕਦੇ ਹਨ। ਅਸੀਂ ਇਨ੍ਹਾਂ ਨੂੰ ਸਰੀਰ 'ਚ ਵਹਿੰਦੇ ਖ਼ੂਨ 'ਚ ਭੇਜ ਸਕਾਂਗੇ। ਸਾਡਾ ਨਿਸ਼ਾਨਾ ਅਜਿਹੇ ਮੋਲੇਕਿਊਲਰ ਰੋਬੋਟ ਦੇ ਵਿਕਾਸ ਅਤੇ ਨਿਰਮਾਣ ਦਾ ਹੈ ਜੋ ਜਟਿਲ ਨੈਨੋ ਮੈਕੇਨੀਕਲ ਕੰਮ ਨੂੰ ਅੰਜਾਮ ਦੇ ਸਕਣ।


ਖੋਜਕਰਤਾ ਅਨੁਪਮਾ ਬਾਗਰੇ ਨੇ ਕਿਹਾ ਕਿ ਸਾਡੇ ਪ੍ਰੀਖਣ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਹ ਰੋਬੋਟ ਕਿਸੇ ਖ਼ਾਸ ਕੰਮ ਨੂੰ ਅੰਜਾਮ ਦੇ ਸਕਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਡੀਐੱਨਏ ਰੋਬੋਟ ਦੀ ਵਰਤੋਂ ਨਾਲ ਨਵਾਂ ਇਲਾਜ ਅਤੇ ਦਵਾਈ ਦੇਣ ਦੀ ਵਿਧੀ ਵਿਕਸਿਤ ਕੀਤੀ ਜਾ ਸਕਦੀ ਹੈ। ਇਸ ਦੀ ਮਦਦ ਨਾਲ ਖ਼ੂਨ ਜਾਂ ਸੈੱਲਾਂ ਵਿਚ ਕਿਸੇ ਖ਼ਾਸ ਥਾਂ ਤਕ ਦਵਾਈ ਪਹੁੰਚਾਈ ਜਾ ਸਕਦੀ ਹੈ।