ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਭਾਰਤੀ ਦੂਤਾਵਾਸ 'ਤੇ ਰਾਕਟ ਡਿੱਗਣ ਦੀ ਖ਼ਬਰ ਹੈ। ਇਸ ਨਾਲ ਆਈਟੀਬੀਪੀ ਦੀਆਂ ਬੈਰਕਾਂ ਨੂੰ ਨੁਕਸਾਨ ਹੋਇਆ ਪਰ ਸਾਰੇ ਕਰਮਚਾਰੀ ਸੁਰੱਖਿਅਤ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਹ ਜਾਣਕਾਰੀ ਦਿੱਤੀ। ਸੁਸ਼ਮਾ ਨੇ ਦੱਸਿਆ ਕਿ ਚਾਂਸਰੀ ਕੰਪਾਊਡ ਵਿੱਚ ਰਾਕਟ ਡਿੱਗਿਆ।

ਉਨ੍ਹਾਂ ਟਵੀਟ 'ਤੇ ਲਿਖਿਆ ਕਿ ਰਾਕਟ ਨੇ ਤਿੰਨ ਮੰਜ਼ਲਾਂ ਆਈਟੀਬੀਪੀ ਦੀਆਂ ਬੈਰਕਾਂ ਦੀ ਛੱਤ ਦਾ ਨੁਕਸਾਨ ਕੀਤਾ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਭਾਰਤੀ ਦੂਤਾਵਾਸ ਦੇ ਸਾਰੇ ਕਰਮਚਾਰੀ ਸੁਰੱਖਿਅਤ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਘਟਨਾ ਵਿੱਚ ਕੋਈ ਅੱਗ ਨਹੀਂ ਲੱਗੀ।

ਉਨ੍ਹਾਂ ਟਵੀਟ ਕੀਤਾ ਕਿ ਕਾਬੁਲ ਵਿੱਚ ਸਾਡੇ ਦੂਤਾਵਾਸ ਵਿੱਚ ਕੁਝ ਸਮਾਂ ਪਹਿਲਾਂ ਰਾਕਟ ਡਿੱਗਿਆ। ਇਸ ਨਾਲ ਬਿਲਡਿੰਗ ਦੇ ਢਾਂਚੇ ਨੂੰ ਥੋੜ੍ਹਾ ਨੁਕਸਾਨ ਹੋਇਆ ਹੈ ਪਰ ਕਰਮਚਾਰੀ ਸੁਰੱਖਿਅਤ ਹਨ। ਫ਼ਿਲਹਾਲ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਵਾਕਈ ਦੂਤਾਵਾਸ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ ਜਾਂ ਗ਼ਲਤੀ ਨਾਲ ਰਾਕਟ ਇੱਥੇ ਡਿੱਗਿਆ।