ਦੁਬਈ- ਦੁਬਈ ਵਿੱਚ ਹੁਣ ਸੜਕ ਕਿਨਾਰੇ ਗੱਡੀ ਰੋਕ ਕੇ ਨਮਾਜ਼ ਪੜ੍ਹਨਾ ਅਪਰਾਧ ਹੋਵੇਗਾ। ਇਸ ‘ਤੇ ਸਖਤੀ ਨਾਲ ਲਗਾਮ ਲਗਾਈ ਜਾਏਗੀ। ਕਿਸੇ ਨੇ ਅਜਿਹਾ ਕੀਤਾ ਤਾਂ ਉਸ ‘ਤੇ 500 ਦਿਰਹਮ ਯਾਨੀ 8800 ਰੁਪਏ ਦਾ ਜੁਰਮਾਨਾ ਲੱਗੇਗਾ। ਪਹਿਲਾਂ ਵੀ ਟਰੈਫਿਕ ਪੁਲਸ ਕਈ ਵਾਰ ਲੋਕਾਂ ਨੂੰ ਅਪੀਲ ਕਰ ਚੁੱਕੀ ਹੈ ਕਿ ਉਹ ਸੜਕ ਕੰਢੇ ਨਮਾਜ਼ ਪੜ੍ਹਨ ਤੋਂ ਬਚਣ, ਪਰ ਦੋ ਦਿਨ ਪਹਿਲਾਂ ਇਸ ਨਾਲ ਵੱਡਾ ਹਾਦਸਾ ਹੋ ਗਿਆ। ਇਸੇ ਪਿੱਛੋਂ ਪ੍ਰਸ਼ਾਸਨ ਨੇ ਇਹ ਫੈਸਲਾ ਕੀਤਾ ਅਤੇ ਸਖਤੀ ਨਾਲ ਪਾਲਣ ਕਰਾਉਣ ਦੇ ਹੁਕਮ ਜਾਰੀ ਕੀਤੇ।

ਐਤਵਾਰ ਨੂੰ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚੋਂ ਇੱਕ ਸ਼ੇਖ ਮੁਹੰਮਦ ਜ਼ਾਇਦ ਰੋਡ ਤੋਂ ਹੋ ਕੇ ਇੱਕ ਬਸ ਲੰਘ ਰਹੀ ਸੀ। ਇਸ ਦੌਰਨ ਨਮਾਜ਼ ਦਾ ਸਮਾਂ ਹੋ ਗਿਆ। ਯਾਤਰੀਆਂ ਨੇ ਨਮਾਜ਼ ਦੇ ਲਈ ਮੌਕੇ ‘ਤੇ ਬਸ ਰੁਕਵਾ ਦਿੱਤੀ ਅਤੇ ਉਤਰ ਕੇ ਸੜਕ ‘ਤੇ ਨਮਾਜ਼ ਪੜ੍ਹਨ ਲੱਗੇ। ਇਸੇ ਦੌਰਾਨ ਉਥੋਂ ਲੰਘ ਰਹੇ ਇੱਕ ਵਾਹਨ ਦਾ ਟਾਇਰ ਫਟ ਗਿਆ। ਉਹ ਵਾਹਨ ਬੇਕਾਬੂ ਹੋ ਕੇ ਨਮਾਜ਼ ਪੜ੍ਹਦੇ ਲੋਕਾਂ ਦੇ ਉਪਰ ਚੜ੍ਹ ਗਿਆ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਰੀਬ 10 ਲੋਕ ਜ਼ਖਮੀ ਹੋ ਗਏ। ਦੁਬਈ ਟਰੈਫਿਕ ਡਿਪਾਰਟਮੈਂਟ ਦੇ ਡਾਇਰੈਕਟਰ ਬ੍ਰਿਗੇਡੀਅਰ ਸੈਫ ਮੁਹੈਰ ਅਲ ਮਜ਼ਰੂਈ ਨੇ ਕਿਹਾ, ਸ਼ਹਿਰ ਵਿੱਚ ਕਿਤੇ ਵੀ ਸੜਕ ਦੇ ਕਿਨਾਰੇ ਵਾਹਨ ਪਾਰਕ ਕਰਨਾ ਅਪਰਾਧ ਹੈ।



ਲੋਕ ਪ੍ਰਾਰਥਨਾ ਕਰਨ ਦੇ ਲਈ ਸੜਕ ਕਿਨਾਰੇ ਵਾਹਨ ਪਾਰਕ ਕਰ ਦਿੰਦੇ ਹਨ। ਇਹ ਹਾਦਸੇ ਦਾ ਕਾਰਨ ਬਣਦਾ ਹੈ। ਹੁਣ ਪ੍ਰਾਰਥਨਾ ਲਈ ਸੜਕ ਕਿਨਾਰੇ ਵਾਹਨ ਪਾਰਕ ਕਰਨ ‘ਤੇ ਜੁਰਮਾਨਾ ਲੱਗੇਗਾ। ਸ਼ਹਿਰ ਵਿੱਚ ਕਈ ਮਸਜਿਦਾਂ ਹਨ। ਪੈਟਰੋਲ ਪੰਪ ‘ਤੇ ਵੀ ਲੋਕਾਂ ਦੇ ਨਮਾਜ਼ ਪੜ੍ਹਨ ਦੀ ਵਿਵਸਥਾ ਰੱਖੀ ਜਾਂਦੀ ਹੈ। ਅਜਿਹੇ ਵਿੱਚ ਯਾਤਰਾ ਕਰਦੇ ਵਕਤ ਲੋਕਾਂ ਨੂੰ ਧਾਰਮਿਕ ਕਿਰਿਆਵਾਂ ਦੇ ਨਾਲ-ਨਾਲ ਟਰੈਫਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।

ਯਾਤਰੀਆ ਦੇ ਕਹਿਣ ‘ਤੇ ਡਰਾਈਵਰ ਨੂੰ ਸੜਕ ਕਿਨਾਰੇ ਬਸ ਨਹੀਂ ਰੋਕਣੀ ਚਾਹੀਦੀ ਸੀ। ਜੇ ਕੋਈ ਵਾਹਨ ਦੋ ਵਾਰ ਇਸ ਤਰ੍ਹਾਂ ਦੀ ਗਲਤੀ ਰਕਦਾ ਹੈ ਤਾਂ ਉਸ ਦਾ ਲਾਇਸੈਂਸ ਰੱਦ ਕੀਤਾ ਜਾਏਗਾ। ਦੁਬਈ ਦੇ ਫੈਡਰਲ ਟਰੈਫਿਕ ਕੌਂਸਲ ਦੇ ਮੁਖੀ ਮੇਜਰ ਜਨਰਲ ਮੁਹੰਮਦ ਸੈਫ ਅਲ ਜ਼ਫੀਨ ਨੇ ਵੀ ਟਵੀਟ ਕਰ ਕੇ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਸੜਕ ਕਿਨਾਰੇ ਨਮਾਜ਼ ਨਾ ਪੜ੍ਹਨ।

ਸੜਕ ਕਿਨਾਰੇ ਗੱਡੀ ਪਾਰਕਿੰਗ ਕਰਨਾ ਅਤੇ ਨਮਾਜ਼ ਪੜ੍ਹਨਾ ਦੁਬਈ ਵਿੱਚ ਵੱਡੀ ਸਮੱਸਿਆ ਦਾ ਵਿਸ਼ਾ ਬਣ ਚੁੱਕਾ ਹੈ। ਦੁਬਈ ਪੁਲਸ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਪਿਛਲੇ ਸਾਲ 23,763 ਵਾਹਨ ਚਾਲਕਾਂ ‘ਤੇ ਸੜਕ ਕਿਨਾਰੇ ਪਾਰਕਿੰਗ ਕਰਨ ‘ਤੇ ਜੁਰਮਾਨਾ ਲਗਾਇਆ ਗਿਆ ਸੀ। ਆਬੂ ਧਾਬੀ ਵਿੱਚ ਪਹਿਲਾਂ ਤੋਂ ਹੀ ਇਸ ਨਿਯਮ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।