(Source: ECI/ABP News/ABP Majha)
ਅਮਰੀਕਾ ਦੇ ‘ਵੈਟਰਨ ਡੇ’ਸਮਾਰੋਹ 'ਚ ਜਦੋਂ ਦੂਜੀ ਵਿਸ਼ਵ ਜੰਗ ਦੇ ਫੌਜੀ ਨੇ ਸਿੱਖ ਨੂੰ ਕਿਹਾ, ‘ਤੁਸੀਂ ਬਹੁਤ ਹੀ ਬਹਾਦਰ ਕੌਮ ਹੋ’
ਬੀਤੇ ਦਿਨੀਂ ਅਮਰੀਕਾ ਦੇ ਸੂਬੇ ਓਹਾਇਓ ਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਨਾਲ ਲੱਗਦੇ ਬੀਵਰਕਰੀਕ ਸ਼ਹਿਰ ਵਿਖੇ ਵੈਟਰਨਜ਼ ਡੇ 'ਤੇ ਫੌਜ ਵਿੱਚ ਸੇਵਾ ਕਰਨ ਵਾਲਿਆਂ ਨੂੰ ਧੰਨਵਾਦ ਅਤੇ ਸ਼ਰਧਾਂਜਲੀ ਦੇਣ ਲਈ ਬਰਸਾਤ ਦੇ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਅਮਰੀਕਨ ਵੈਟਰਨ ਮੈਮੋਰੀਅਲ ਪਾਰਕ ਵਿੱਚ ਇਕੱਠੇ ਹੋਏ।
ਸਮੀਪ ਸਿੰਘ ਗੁਮਟਾਲਾ
ਡੇਟਨ : ਬੀਤੇ ਦਿਨੀਂ ਅਮਰੀਕਾ ਦੇ ਸੂਬੇ ਓਹਾਇਓ ਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਨਾਲ ਲੱਗਦੇ ਬੀਵਰਕਰੀਕ ਸ਼ਹਿਰ ਵਿਖੇ ਵੈਟਰਨਜ਼ ਡੇ 'ਤੇ ਫੌਜ ਵਿੱਚ ਸੇਵਾ ਕਰਨ ਵਾਲਿਆਂ ਨੂੰ ਧੰਨਵਾਦ ਅਤੇ ਸ਼ਰਧਾਂਜਲੀ ਦੇਣ ਲਈ ਬਰਸਾਤ ਦੇ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਅਮਰੀਕਨ ਵੈਟਰਨ ਮੈਮੋਰੀਅਲ ਪਾਰਕ ਵਿੱਚ ਇਕੱਠੇ ਹੋਏ।
ਇਸ ਸੰਬੰਧੀ ਜਾਣਕਾਰੀ ਸਾਂਝੇ ਹੋਏ ਇਸ ਸਮਾਰੋਹ ਵਿੱਚ ਸ਼ਾਮਲ ਸਿੱਖ ਭਾਈਚਾਰੇ ਦੇ ਕਾਰਕੁੰਨ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਜਿਵੇਂ ਹੀ ਸਮਾਰੋਹ ਖਤਮ ਹੋਇਆ, ਉਹ ਵਰਦੀ ਵਿੱਚ ਆਏ ਹੋਏ ਫੌਜੀਆਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਸਨ ਤਾਂ ਇਕ ਵੱਡੀ ਉਮਰ ਦੇ ਵੈਟਰਨ ਨੇ ਆ ਕੇ ਲਾਲ ਰੰਗ ਦੀ ਦਸਤਾਰ ਸਜਾ ਕੇ ਖੜੇ ਰਾਈਟ ਸਟੇਟ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਵਿਦਿਆਰਥੀ ਹਰਰੂਪ ਸਿੰਘ ਨੂੰ ਮਿਲੇ ਅਤੇ ਜੱਫੀ ਪਾ ਕੇ ਪੁੱਛਿਆ “ਕੀ ਤੁਸੀਂ ਸਿੱਖ ਹੋ?” ਸਾਨੂੰ ਮਿਲ ਕੇ ਉਹਨਾਂ ਦੇ ਚਿਹਰੇ ’ਤੇ ਇਹਨੀ ਖੁਸ਼ੀ ਦੇਖ ਕੇ ਸਾਨੂੰ ਹੈਰਾਨੀ ਵੀ ਹੋਈ। ਅਮਰੀਕਾ ਉੱਪਰ ਸਤੰਬਰ 11, 2001 ਦੇ ਹਮਲੇ ਤੋਂ ਬਾਦ ਇਹ ਤੱਥ ਸਾਹਮਨੇ ਆਇਆ ਸੀ ਕਿ ਅਮਰੀਕਾ ਦੇ ਬਹੁਤੇ ਲੋਕਾਂ ਨੂੰ ਸਿੱਖਾਂ ਬਾਰੇ ਇਹਨੀ ਜਾਣਕਾਰੀ ਨਹੀਂ ਹੈ, ਖਾਸਕਰ ਉਹਨਾਂ ਸ਼ਹਿਰਾਂ ਵਿੱਚ ਜਿੱਥੇ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਹੈ।
ਇਹ ਪੁੱਛਣ ਤੇ ਕਿ ਤੁਹਾਨੂੰ ਸਿੱਖਾਂ ਬਾਰੇ ਕਿਵੇਂ ਪਤਾ ਤਾਂ ਇਸ ਬਜੁਰਗ ਫੌਜੀ ਨੇ ਹਰਰੂਪ ਨੂੰ ਆਪਣੀ ਇਕ ਬਾਂਹ ਨਾਲ ਜੱਫੀ ਪਾਈ ਰੱਖੀ ਅਤੇ ਬਹੁਤ ਹੀ ਖੁਸ਼ੀ ਨਾਲ ਦੱਸਿਆ, ‘ਮੈ ਸਿੱਖਾਂ ਨੂੰ ਦੂਜੀ ਵਿਸ਼ਵ ਜੰਗ ਦੋਰਾਨ ਮਿਲਿਆ ਸੀ। ਉਹ ਬਹੁਤ ਹੀ ਬਹਾਦਰ ਸਨ। ਸਾਡੇ ਨਾਲ ਉਹਨਾਂ ਨੂੰ ਮੈ ਦੁਸ਼ਮਣ ਦੀਆਂ ਫੌਜਾਂ ਨਾਲ ਲੜਦੇ ਦੇਖਿਆ। ਮੈਨੂੰ ਅੱਜ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਾ ਹੈ।” ਫਿਰ ਉਹਨਾਂ ਖੁਸ਼ੀ ਖੁਸ਼ੀ ਆਪਣੀ ਪਤਨੀ ਸਮੇਤ ਤਸਵੀਰ ਵੀ ਖਿਚਵਾਈ।
ਗੁਮਟਾਲਾ ਨੇ ਮਾਣ ਨਾਲ ਇਸ ਵੈਟਰਨ ਨੂੰ ਅਮਰੀਕਾ ਦੀ ਫੌਜ ਵਿੱਚ ਸਿੱਖ ਪਛਾਣ ਨਾਲ ਲੈਫਟੀਨੈਂਟ ਕਰਨਲ ਵਜੋਂ ਸੇਵਾ ਨਿਭਾ ਰਹੇ ਆਪਣੇ ਭਰਾ ਡਾ. ਤੇਜਦੀਪ ਸਿੰਘ ਰਤਨ ਬਾਰੇ ਵੀ ਜਾਣਕਾਰੀ ਦਿੱਤੀ। ਫੌਜੀ ਪਹਿਰਾਵੇ ਵਿੱਚ ਉਸ ਦੀ ਤਸਵੀਰ ਦੇਖ ਕੇ ਉਹਨਾਂ ਦੱਸਿਆ ਕਿ ਮੇਰਾ ਪੁੱਤਰ ਵੀ ਅਮਰੀਕਾ ਦੀ ਫੌਜ ਵਿੱਚ 10ਵੀ ਮਾਉਂਟੇਨ ਡਿਵੀਜ਼ਨ ਵਿੱਚ ਹੈ। ਸਾਲ 2009 ਵਿੱਚ ਡਾ. ਤੇਜਦੀਪ ਸਿੰਘ ਰਤਨ ਅਤੇ ਡਾ. ਕਮਲਦੀਪ ਸਿੰਘ ਕਲਸੀ ਨੂੰ 25 ਸਾਲ ਬਾਦ ਅਮਰੀਕਾ ਦੀ ਫੌਜ ਵਿਚ ਦਸਤਾਰ ਅਤੇ ਦਾੜੀ ਰੱਖ ਕੇ ਸ਼ਾਮਲ ਹੋਣ ਦੀ ਇਜਾਜਤ ਦਿੱਤੀ ਗਈ ਸੀ। ਉਸ ਤੋਂ ਬਾਦ ਅਮਰੀਕਾ ਦੀ ਫੌਜ ਵਿੱਚ ਹੁਣ ਵੱਡੀ ਗਿਣਤੀ ਵਿੱਚ ਦਸਤਾਰਧਾਰੀ ਫੋਜੀ ਹਨ।
ਹਰਰੂਪ ਸਿੰਘ ਨੇ ਦੱਸਿਆ ਕਿ ੳੇਹ ਜਨਵਰੀ ਵਿੱਚ ਅੰਮ੍ਰਿਤਸਰ ਤੋਂ ਅਮਰੀਕਾ ਇੰਜਨੀਅਰਿੰਗ ਵਿੱਚ ਪੋਸਟ ਗਰੈਜੁਏਅਨ (ਮਾਸਟਰਜ਼) ਕਰਨ ਆਏ ਹਨ। ਅਸੀਂ ਵਿਸ਼ਵ ਜੰਗਾਂ ਵਿੱਚ ਸ਼ਹੀਦ ਹੋਏ ਹਜਾਰਾਂ ਸਿੱਖ ਫੌਜੀਆਂ ਦੀਆਂ ਕੁਰਬਾਨੀਆਂ ਬਾਰੇ ਪੜਿਆ ਹੈ। ਹੁਣ ਇਸ ਸਮਾਰੋਹ ਵਿੱਚ ਵਿਸ਼ਵ ਜੰਗ ਦੇ ਅਮਰੀਕਾ ਦੇ ਬਹਾਦਰ ਫੌਜੀਆਂ ਤੋਂ ਸਿੱਖ ਕੋਮ ਦੀ ਬਹਾਦਰੀ ਬਾਰੇ ਸੁਣ ਕੇ ਮੇਰਾ ਸਿਰ ਮਾਣ ਨਾਲ ਹੋਰ ਉੱਚਾ ਹੋ ਗਿਆ। ਅਮਰੀਕਾ ਦੇ ਵੈਟਰਨ ਫੌਜੀਆਂ ਸਮੇਤ ਇਸ ਸਮਾਰੋਹ ਵਿੱਚ ਕੈਨੇਡਾ, ਆਸਟਰੇਲੀਆ, ਬ੍ਰਾਜ਼ੀਲ ਅਤੇ ਹੋਰਨਾਂ ਦੇਸ਼ਾ ਦੇ ਫੌਜੀ ਅਫਸਰਾਂ ਨੂੰ ਵੀ ਮਿਲਣਾ ਇਕ ਚੰਗਾ ਅਨੁਭਵ ਸੀ।
ਗੁਮਟਾਲਾ ਨੇ ਅੱਗੇ ਕਿਹਾ ਕਿ ਵਿਸ਼ਵ ਯੁੱਧ ਸਮੇਤ ਇਤਿਹਾਸ ਵਿੱਚ ਹਜਾਰਾਂ ਸਿੱਖਾਂ ਦੀ ਬਹਾਦਰੀ, ਕੁਰਬਾਨੀਆਂ ਸਦਕਾ ਹੀ ਅਸੀਂ ਜਿੱਥੇ ਵੀ ਜਾਂਦੇ ਹਾਂ, ਲੋਕ ਸਿੱਖਾਂ ਦਾ ਮਾਨ ਕਰਦੇ ਹਨ। ਸਾਡੇ ਗੁਰੂਆਂ ਅਤੇ ਬਜ਼ੁਰਗਾਂ ਨੇ ਧਾਰਮਿਕ ਅਜ਼ਾਦੀ, ਸਾਰਿਆ ਦੇ ਨਿਆਂ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਹ ਬਹੁਤ ਜਰੂਰੀ ਹੈ ਕਿ ਅਮਰੀਕਾ ਵਿੱਚ ਹੁੰਦੇ ਅਜਿਹੇ ਸਮਾਗਮਾਂ ਵਿੱਚ ਸਿੱਖ ਸ਼ਾਮਲ ਹੋਣ।
ਬੀਵਰਕਰੀਕ ਸ਼ਹਿਰ ਦੇ ਮੇਅਰ ਬੋਬ ਸਟੋਨ ਜੋ ਕਿ ਖੁਦ ਵੀ ਫੌਜ ਵਿੱਚ ਰਹਿ ਚੁੱਕੇ ਹਨ ਨੇ ਅਮਰੀਕਾ ਦੇ ਫੌਜੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਵਾਈ ਸੈਨਾ ਦੇ ਫੌਜੀਆਂ ਨੇ ਅਮਰੀਕਾ ਦਾ ਝੰਡਾ ਚੜਾਇਆ ਅਤੇ ਰਾਸ਼ਟਰੀ ਗੀਤ ਗਾਇਨ ਕੀਤਾ। ਵੈਟਰਨ ਡੇ ਦਾ ਦਿਹਾੜਾ ਹਰ ਸਾਲ ਜੰਗਾਂ ਵਿੱਚ ਦੇਸ਼ ਦੀ ਸੇਵਾ ਵਿੱਚ ਮਰਨ ਵਾਲਿਆਂ ਦੀ ਬਹਾਦਰੀ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਸਭ ਤੋਂ ਪਹਿਲਾਂ 11 ਨਵੰਬਰ ਵਾਲੇ ਦਿਨ ਖਤਮ ਹੋਈ ਪਹਿਲੀ ਵਿਸ਼ਵ ਜੰਗ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਵਜੋਂ ਸ਼ੁਰੂ ਕੀਤਾ ਗਿਆ ਸੀ।