India vs Pakistan: ਪਾਕਿਸਤਾਨ ਅਜੇ ਵੀ ਮਾਰੀ ਜਾ ਰਿਹਾ ਬੜ੍ਹਕਾਂ...ਲੀਡਰ ਕਹਿ ਰਹੇ ਅਸੀਂ ਤਾਂ ਕੁਝ ਘੰਟਿਆਂ 'ਚ ਹੀ ਜੰਗ ਜਿੱਤ ਲਈ
ਬਿਲਾਵਲ ਭੁੱਟੋ ਦੀ ਪਾਰਟੀ ਦੀ ਸੈਨੇਟਰ ਸ਼ੈਰੀ ਰਹਿਮਾਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਪਾਕਿਸਤਾਨ 'ਤੇ ਜੰਗ ਥੋਪੀ ਸੀ ਜੋ ਉਨ੍ਹਾਂ ਨੇ ਕੁਝ ਘੰਟਿਆਂ ਵਿੱਚ ਹੀ ਜਿੱਤ ਲਈ। ਇੱਕ ਪ੍ਰੈਸ ਕਾਨਫਰੰਸ ਵਿੱਚ ਸ਼ੈਰੀ ਨੇ ਕਿਹਾ ਕਿ ਇਸ ਜੰਗ ਨੇ ਪਾਕਿਸਤਾਨ ਦੀ ਭਰੋਸੇਯੋਗਤਾ ਵਧਾ ਦਿੱਤੀ ਹੈ।

India vs Pakistan: ਭਾਰਤੀ ਹਮਲਿਆਂ ਵਿੱਚ ਪਾਕਿਸਤਾਨ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਦੇ ਬਾਵਜੂਦ ਪਾਕਿਸਤਾਨ ਦੇ ਲੀਡਰ ਜੰਗ ਜਿੱਤਣ ਦੇ ਦਾਅਵੇ ਕਰ ਰਹੇ ਹਨ। ਬਿਲਾਵਲ ਭੁੱਟੋ ਦੀ ਪਾਰਟੀ ਦੀ ਸੈਨੇਟਰ ਸ਼ੈਰੀ ਰਹਿਮਾਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਪਾਕਿਸਤਾਨ 'ਤੇ ਜੰਗ ਥੋਪੀ ਸੀ ਜੋ ਉਨ੍ਹਾਂ ਨੇ ਕੁਝ ਘੰਟਿਆਂ ਵਿੱਚ ਹੀ ਜਿੱਤ ਲਈ। ਇੱਕ ਪ੍ਰੈਸ ਕਾਨਫਰੰਸ ਵਿੱਚ ਸ਼ੈਰੀ ਨੇ ਕਿਹਾ ਕਿ ਇਸ ਜੰਗ ਨੇ ਪਾਕਿਸਤਾਨ ਦੀ ਭਰੋਸੇਯੋਗਤਾ ਵਧਾ ਦਿੱਤੀ ਹੈ।
ਭਾਰਤ 'ਤੇ ਦੋਸ਼ ਲਗਾਉਂਦੇ ਹੋਏ ਸ਼ੈਰੀ ਨੇ ਕਿਹਾ ਕਿ ਗੁਆਂਢੀ ਦੇਸ਼ ਨੇ ਪਹਿਲਗਾਮ ਹਮਲੇ ਨੂੰ ਜੰਗ ਸ਼ੁਰੂ ਕਰਨ ਲਈ ਵਰਤਿਆ। ਉਨ੍ਹਾਂ ਕਿਹਾ ਕਿ ਠੋਸ ਜਾਂਚ ਤੋਂ ਬਿਨਾਂ, ਤੁਸੀਂ ਕਿਸੇ ਵੀ ਅੱਤਵਾਦੀ ਘਟਨਾ ਨੂੰ ਜੰਗ ਦੇ ਬਰਾਬਰ ਨਹੀਂ ਮੰਨ ਸਕਦੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਨੂੰ 'ਲਾਲ ਲਕੀਰ' ਪਾਰ ਨਹੀਂ ਕਰਨ ਦਿੱਤੀ।
ਪਾਕਿਸਤਾਨ ਹਮਲੇ ਦਾ ਜਵਾਬ ਦੇਣਾ ਜਾਣਦਾ: ਸ਼ਾਹਬਾਜ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਹਮਲੇ ਦਾ ਜਵਾਬ ਦੇਣਾ ਜਾਣਦਾ ਹੈ। ਆਪਰੇਸ਼ਨ ਬਨਿਆਨ-ਉਮ-ਮਰਸੂਸ ਇਸ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਹੁਣ ਅਹਿਸਾਸ ਹੋ ਗਿਆ ਹੈ ਕਿ ਉਸ ਨੂੰ ਗੁਆਂਢੀ ਦੇਸ਼ਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਡਾਨ ਦੀ ਰਿਪੋਰਟ ਅਨੁਸਾਰ, ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਭਾਰਤ ਨਾਲ ਟਕਰਾਅ ਦੌਰਾਨ ਮਾਰੇ ਗਏ ਸੈਨਿਕਾਂ ਤੇ ਆਮ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਪਾਕਿਸਤਾਨ ਹਵਾਈ ਸੈਨਾ ਦੇ ਪੰਜ ਸੈਨਿਕਾਂ ਤੇ ਪਾਕਿਸਤਾਨ ਫੌਜ ਦੇ ਛੇ ਸੈਨਿਕਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ, "ਅਸੀਂ ਦੇਸ਼ ਦੇ ਸ਼ਹੀਦਾਂ ਨੂੰ ਨਹੀਂ ਭੁੱਲੇ ਹਾਂ, ਨਾ ਹੀ ਭੁੱਲਾਂਗੇ, ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਇਕੱਲੇ ਛੱਡਾਂਗੇ।"
ਮੋਦੀ ਨੇ ਖੁਦ ਹੀ ਪਾਕਿਸਤਾਨ ਬਾਰੇ ਭਰਮ ਤੋੜਿਆ-ਖਾਰ
ਪਾਕਿਸਤਾਨ ਵਿੱਚ ਸੰਸਦ ਸੈਸ਼ਨ ਦੌਰਾਨ ਸਾਬਕਾ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਰੀ ਖਾਰ ਨੇ ਕਿਹਾ ਕਿ ਗੁਆਂਢੀ ਮੁਲਕ ਨੂੰ ਹਰਾਉਣ ਦਾ ਦਾਅਵਾ ਕਰਨਾ ਮਾਣ ਦੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਦੋ ਪ੍ਰਮਾਣੂ ਰਾਜ ਆਹਮੋ-ਸਾਹਮਣੇ ਹਨ। ਇਹ ਖੁਸ਼ੀ ਦੀ ਗੱਲ ਨਹੀਂ, ਸਗੋਂ ਚਿੰਤਾ ਦੀ ਗੱਲ ਹੈ। ਖਾਰ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਲੰਬੇ ਸਮੇਂ ਤੋਂ ਇਹ ਗਲਤ ਵਿਚਾਰ ਰਿਹਾ ਹੈ ਕਿ ਭਾਰਤ ਪਾਕਿਸਤਾਨ ਤੋਂ ਅੱਗੇ ਹੈ ਪਰ ਹੁਣ ਖੁਦ ਮੋਦੀ ਨੇ ਇਸ ਭਰਮ ਨੂੰ ਤੋੜ ਦਿੱਤਾ ਹੈ।
ਭਾਰਤ ਨੇ ਸਾਡੀ ਤਾਕਤ ਦਾ ਗਲਤ ਅੰਦਾਜ਼ਾ ਲਗਾਇਆ-ਇਸਹਾਕ ਡਾਰ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੀ ਤਾਕਤ ਦਾ ਗਲਤ ਅੰਦਾਜ਼ਾ ਲਗਾਇਆ ਸੀ। ਪਾਕਿਸਤਾਨੀ ਵੈੱਬਸਾਈਟ ਜੀਓ ਨਿਊਜ਼ ਦੇ ਅਨੁਸਾਰ ਉਨ੍ਹਾਂ ਕਿਹਾ ਕਿ ਭਾਰਤ ਨੇ ਦੇਖਿਆ ਕਿ ਉਨ੍ਹਾਂ ਦੀ ਹਵਾਈ ਸੈਨਾ ਨਾਲ ਕੀ ਹੋਇਆ। ਜਦੋਂ ਅਸੀਂ 3 ਦਿਨਾਂ ਬਾਅਦ ਡ੍ਰੋਨ ਤੇ ਮਿਜ਼ਾਈਲਾਂ ਨਾਲ ਜਵਾਬ ਦੇਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਕਿੰਨਾ ਨੁਕਸਾਨ ਹੋਇਆ ਹੈ।
ਡਾਰ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸਾਡੀ ਸਖ਼ਤ ਪ੍ਰਤੀਕਿਰਿਆ ਤੋਂ ਬਾਅਦ ਹੀ ਅਹਿਸਾਸ ਹੋਇਆ ਕਿ ਉਹ ਗਲਤ ਸਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਸੀ ਕਿ ਜੇਕਰ ਉਹ ਹਮਲੇ ਬੰਦ ਕਰਦੇ ਹਨ, ਤਾਂ ਭਾਰਤ ਵੀ ਹਮਲੇ ਬੰਦ ਕਰ ਦੇਵੇਗਾ। ਇਸ ਤੋਂ ਬਾਅਦ ਬਿਲਕੁਲ ਇਹੀ ਹੋਇਆ। ਪਹਿਲਾਂ ਅਸੀਂ ਹਮਲੇ ਰੋਕੇ ਤੇ ਫਿਰ ਭਾਰਤ ਨੇ ਵੀ ਅਜਿਹਾ ਹੀ ਕੀਤਾ।
ਭਾਰਤ ਦੇ ਹਮਲੇ ਕਾਰਨ ਪਾਕਿਸਤਾਨੀ ਇੱਕਜੁੱਟ ਹੋਏ-ਜ਼ਰਦਾਰੀ
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਭਾਰਤ ਦੇ ਹਮਲੇ ਨੇ ਪਾਕਿਸਤਾਨੀ ਲੋਕਾਂ ਨੂੰ ਇੱਕਜੁੱਟ ਕੀਤਾ ਹੈ। ਡਾਨ ਦੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਹਮੇਸ਼ਾ ਭਾਰਤ ਦੀ ਦੁਸ਼ਮਣੀ ਦਾ ਜਵਾਬ ਦੇਣ ਲਈ ਤਿਆਰ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਹਮੇਸ਼ਾ ਕਿਸੇ ਵੀ ਹਮਲੇ ਨੂੰ ਨਾਕਾਮ ਕਰਨ ਲਈ ਤਿਆਰ ਹੈ। ਉਹ ਆਪਣੀ ਰਾਸ਼ਟਰੀ ਸੁਰੱਖਿਆ ਤੇ ਪ੍ਰਭੂਸੱਤਾ 'ਤੇ ਹਰ ਹਮਲੇ ਦਾ ਢੁਕਵਾਂ ਜਵਾਬ ਦੇਣਗੇ।
ਜੇਕਰ ਪਾਕਿਸਤਾਨ ਚਾਹੁੰਦਾ ਤਾਂ ਜੰਗ ਜਾਰੀ ਰੱਖ ਸਕਦਾ ਸੀ-ਅਤਾਉੱਲਾ ਤਰਾਰ
ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਭਾਰਤ ਵਿਰੁੱਧ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਇਹ 'ਦਿਨ ਦੀ ਰੌਸ਼ਨੀ' ਵਾਂਗ ਸੀ। ਸਕਾਈ ਨਿਊਜ਼ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਹੱਥ ਉੱਪਰ ਹੈ। ਜੇਕਰ ਇਹ ਚਾਹੁੰਦਾ ਤਾਂ ਜੰਗ ਜਾਰੀ ਰੱਖ ਸਕਦਾ ਸੀ ਪਰ ਜੰਗਬੰਦੀ ਕਾਰਨ, ਉਸ ਨੂੰ ਜੰਗ ਰੋਕਣੀ ਪਈ। ਤਰਾਰ ਨੇ ਕਿਹਾ ਕਿ ਅੰਤ ਵਿੱਚ ਪਾਕਿਸਤਾਨ ਜਿੱਤ ਗਿਆ ਹੈ ਕਿਉਂਕਿ ਅਸੀਂ ਭਾਰਤ ਦੇ ਫੌਜੀ ਠਿਕਾਣਿਆਂ ਤੇ ਗੋਲਾ ਬਾਰੂਦ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਕਿਹਾ- ਮੈਨੂੰ ਨਹੀਂ ਲੱਗਦਾ ਕਿ ਭਾਰਤ ਇਸ ਨੂੰ ਹੋਰ ਬਰਦਾਸ਼ਤ ਕਰ ਸਕਦਾ ਹੈ।






















